
ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਓਵਰਆਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਮੇਜ਼ਬਾਨ ਮੋਦੀ ਕਾਲਜ ਜੇਤੂ
ਪਟਿਆਲਾ: 10 ਨਵੰਬਰ(ਬਲਵਿੰਦਰ ਪਾਲ ਸਿੰਘ)
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੰਤਰ-ਕਾਲਜ ਬਾਕਸਿੰਗ ਚੈਂਪੀਅਨਸ਼ਿਪ ਆਯੋਜਿਤ ਕੀਤੀ ਗਈ। ਅੰਤਰ-ਕਾਲਜ ਬਾਕਸਿੰਗ ਚੈਂਪੀਅਨਸ਼ਿਪ (ਲੜਕਿਆਂ) ਵਿੱਚ ਮੋਦੀ ਕਾਲਜ ਪਟਿਆਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18 ਪੁਆਇੰਟ ਲੈ ਕੇ ਸਰਕਾਰੀ ਕਾਲਜ, ਮਲੇਰਕੋਟਲਾ ਨੂੰ 5 ਪੁਆਇੰਟਾਂ ਦੇ ਅੰਤਰ ਨਾਲ ਹਰਾ ਕੇ ਇਹ ਚੈਂਪੀਅਨਸ਼ਿਪ ਜਿੱਤੀ। ਅੰਤਰ-ਕਾਲਜ ਬਾਕਸਿੰਗ ਚੈਂਪੀਅਨਸ਼ਿਪ (ਲੜਕੀਆਂ) ਵਿੱਚ ਮੋਦੀ ਕਾਲਜ ਨੇ ਅਕਾਲ ਕਾਲਜ ਆਫ਼ ਫ਼ਿਜ਼ਿਕਲ ਐਜੂਕੇਸ਼ਨ, ਮਸਤੂਆਣਾ ਸਾਹਿਬ ਨੂੰ ਹਰਾ ਕੇ ਪਹਿਲਾ ਸਥਾਨ ਪ੍ਰ਼ਾਪਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਸਾਰੀਆਂ ਜੇਤੂ ਟੀਮਾਂ ਦਾ ਕਾਲਜ ਪਹੁੰਚਣ ‘ਤੇ ਸਵਾਗਤ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਮੋਦੀ ਕਾਲਜ ਨੂੰ ਆਪਣੇ ਇਨ੍ਹਾਂ ਵਿਦਿਆਰਥੀਆਂ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਇਤਿਹਾਸ ਰਿਹਾ ਹੈ।
ਕਾਲਜ ਦੇ ਡੀਨ, ਸਪੋਰਟਸ ਡਾ. ਨਿਸ਼ਾਨ ਸਿੰਘ ਨੇ ਬਾਕਸਿੰਗ ਟੀਮ (ਲੜਕਿਆਂ) ਦੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਸ ਟੀਮ ਵਿੱਚ ਕਰਨਵੀਰ ਸ਼ਰਮਾ (69 ਕਿਲੋਗ੍ਰਾਮ ਵਰਗ) ਅਤੇ ਸ਼ੁਭਮ (54 ਕਿਲੋਗ੍ਰਾਮ ਵਰਗ) ਨੇ ਸੋਨੇ ਦੇ ਤਗਮੇ ਜਿੱਤੇ, ਇਸੇ ਤਰ੍ਹਾਂ ਹਰਵਿੰਦਰ ਸਿੰਘ (51 ਕਿਲੋਗ੍ਰਾਮ ਵਰਗ) ਅਤੇ ਰਿਆਸਤ ਅਲੀ (60 ਕਿਲੋਗ੍ਰਾਮ ਵਰਗ) ਨੇ ਚਾਂਦੀ ਦੇ ਤਗਮੇ ਜਿੱਤੇ ਅਤੇ ਅਕਿੰਤ ਚੌਧਰੀ (80 ਕਿਲੋਗ੍ਰਾਮ ਵਰਗ) ਤਾਂਬੇ ਦੇ ਤਗਮੇ ਆਪਣੇ ਨਾਮ ਕੀਤੇ।
ਉਨ੍ਹਾਂ ਦੱਸਿਆ ਕਿ ਬਾਕਸਿੰਗ ਟੀਮ (ਲੜਕੀਆਂ) ਵਿੱਚ ਸੁਵਿਧਾ ਭਗਤ (48 ਕਿਲੋਗ੍ਰਾਮ ਵਰਗ), ਏਕਤਾ ਸਰੋਜ (51 ਕਿਲੋਗ੍ਰਾਮ ਵਰਗ), ਪੂਨਮ (57 ਕਿਲੋਗ੍ਰਾਮ ਵਰਗ) ਅਤੇ ਸੁਮਨ (55 ਕਿਲੋਗ੍ਰਾਮ ਵਰਗ) ਨੇ ਸੋਨੇ ਦੇ ਤਗਮੇ ਜਿੱਤੇ, ਇਸੇ ਤਰ੍ਹਾਂ ਰਿਆ ਕੁਮਾਰੀ (69 ਕਿਲੋਗ੍ਰਾਮ ਵਰਗ) ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਬਾਕੀ ਸਾਰੀਆਂ ਜੇਤੂ ਟੀਮਾਂ ਦੇ ਖਿਡਾਰੀਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਆਫ਼ ਸਪੋਰਟਸ ਡਾ. ਅਜਿਤਾ ਨੇ ਵੀ ਇਸ ਚੈਂਪੀਅਨਸ਼ਿਪ ਵਿੱਚ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਕਾਲਜ ਪ੍ਰਿੰਸੀਪਲ ਨੇ ਬਾਕਸਿੰਗ ਆਫ਼ਿਸ਼ਿਅਲਜ਼ ਮਿਸ ਰੁਪਿੰਦਰ ਕੌਰ, ਰੈਫਰੀ ਅਤੇ ਰੇਨੂ ਬਾਲਾ, ਬਾਕਸਿੰਗ ਆਬਜ਼ਰਵਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਡੀਨ ਸਪੋਰਟਸ ਅਤੇ ਸਪੋਰਟਸ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੇ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।
Please Share This News By Pressing Whatsapp Button