
ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਤੇ ਚਿਕਗੁਨੀਆ ਵਿਰੁੱਧ ਮੁਹਿੰਮ ਨੂੰ ਹੋਰ ਤੇਜ ਕਰਨ ਦੀਆਂ ਹਦਾਇਤਾਂ
ਪਟਿਆਲਾ, 13 ਨਵੰਬਰ:
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੱਛਰਾਂ ‘ਚ ਵਾਧੇ ਕਾਰਨ ਡੇਂਗੂ ਤੇ ਚਿਕਗੁਨੀਆ ਬੁਖ਼ਾਰ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਮੱਛਰਾਂ ਵਿਰੁੱਧ ਅਰੰਭੀ ਮੁਹਿੰਮ ਨੂੰ ਹੋਰ ਤੇਜ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪਟਿਆਲਾ ਸ਼ਹਿਰ ਦੇ ਕਈ ਖੇਤਰਾਂ ਨੂੰ ਹਾਟਸਪਾਟ ਵਜੋਂ ਪਛਾਣਦੇ ਹੋਏ ਇਨ੍ਹਾਂ ਖੇਤਰਾਂ, ਵਿੱਚ ਫਾਗਿੰਗ ਦੇ ਨਾਲ-ਨਾਲ ਲੋਕਾਂ ਨੂੰ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਵੀ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਬੁਖ਼ਾਰ ਨੂੰ ਸਧਾਰਨ ਨਾ ਲਿਆ ਜਾਵੇ ਸਗੋਂ ਹਰ ਬੁਖ਼ਾਰ ਨੂੰ ਸ਼ੱਕੀ ਕੇਸ ਮੰਨਦੇ ਹੋਏ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ। ਉਨ੍ਹਾਂ ਨੇ ਡੇਂਗੂ ਤੇ ਚਿਕਨਗੁਨੀਆ ਬਿਮਾਰੀ ਦੇ ਮੱਦੇਨਜ਼ਰ ਕਮਿਸ਼ਨਰ ਨਗਰ ਨਿਗਮ ਅਦਿੱਤਿਆ ਉਪਲ, ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਸਿਵਲ ਸਰਜਨ ਡਾ. ਵਰਿੰਦਰ ਗਰਗ ਸਮੇਤ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਆਦੇਸ਼ ਦਿੱਤੇ ਹਨ ਕਿ ਮੈਡੀਕਲ ਸੇਵਾਵਾਂ ਨੂੰ ਚੌਕਸ ਕਰਨ ਦੇ ਨਾਲ-ਨਾਲ ਫਾਗਿੰਗ ਤੇ ਮੱਛਰ ਵਿਰੋਧੀ ਮੁਹਿੰਮ ਨੂੰ ਵੀ ਤੇਜ ਕੀਤਾ ਜਾਵੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਜਿਹੜੇ ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਦਾ ਹੈ, ਉਸਦਾ ਚਲਾਨ ਜਰੂਰ ਕੱਟਿਆ ਜਾਵੇ, ਡੇਂਗੂ ਬਿਮਾਰੀ ਤੋਂ ਬਚਾਅ ਲਈ ਡੇਂਗੂ ਲਾਰਵੇ ਦੀ ਚੈਕਿੰਗ ਕਰਦੇ ਹੋਏ ਲੋਕਾਂ ਨੂੰ ਇਸ ਬਾਬਤ ਜਾਗਰੂਕ ਵੀ ਕੀਤਾ ਜਾਵੇ। ਡੇਂਗੂ ਮੱਛਰ ਦੀ ਪੈਦਾਵਾਰ ਪੰਚਾਇਤਾਂ, ਸਥਾਨਕ ਸਰਕਾਰਾਂ, ਸਿਹਤ ਵਿਭਾਗ ਅਤੇ ਆਮ ਲੋਕਾਂ ਦੇ ਸਾਂਝੇ ਹੰਭਲੇ ਨਾਲ ਹੀ ਰੋਕੀ ਜਾ ਸਕਦੀ ਹੈ, ਇਸ ਲਈ ਆਮ ਲੋਕ ਆਪਣੇ ਘਰਾਂ ਦੇ ਅੰਦਰ ਅਤੇ ਆਲੇ ਦੁਆਲੇ ਖੜ੍ਹੇ ਪਾਣੀ ਅਤੇ ਡੇਂਗੂ ਮੱਛਰ ਦੀ ਪੈਦਾਇਸ਼ ਦੇ ਸਰੋਤ ਨੂੰ ਤੁਰੰਤ ਖ਼ਤਮ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਮਾਡਲ ਟਾਊਨ, ਪਰਤਾਪ ਨਗਰ, ਨਿਊ ਅਫ਼ਸਰ ਕਲੋਨੀ, ਬਾਜਵਾ ਕਲੋਨੀ, ਬਿਸ਼ਨ ਨਗਰ, ਵਿਰਕ ਕਲੋਨੀ, ਗੁਰੂ ਨਾਨਕ ਨਗਰ, ਡੀ.ਐਮ.ਡਬਲਿਯੂ, ਭਾਰਤ ਨਗਰ ਤੇ ਲਾਹੌਰੀ ਗੇਟ ਇਲਾਕੇ ਹਾਟ-ਸਪਾਟ ਹਨ, ਇੱਥੇ ਮੈਡੀਕਲ ਅਫ਼ਸਰਾਂ ਤੇ ਏ.ਐਨ.ਐਮਜ਼ ਨੂੰ ਆਦੇਸ਼ ਦਿੱਤੇ ਗਏ ਹਨ ਕਿ ਬੁਖ਼ਾਰ ਬਾਬਤ ਘਰ-ਘਰ ਪੜਤਾਲ ਕੀਤੀ ਜਾਵੇ ਤੇ ਪ੍ਰਭਾਵਤ ਲੋਕਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਉਹ ਮੱਛਰਾਂ ਤੋਂ ਬਚਾਅ ਦੇ ਸਾਰੇ ਪ੍ਰਬੰਧ ਕਰਨ ਤੇ ਖਾਸ ਕਰਕੇ ਦਿਨ ਸਮੇਂ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣ।
Please Share This News By Pressing Whatsapp Button