
ਖੁੱਲ੍ਹੇ ‘ਚ ਸ਼ੌਚ ਮੁਕਤ ਹੋਣ ਬਾਅਦ ਜ਼ਿਲ੍ਹੇ ਦੇ ਪਿੰਡਾਂ ਨੂੰ ਓ.ਡੀ.ਐਫ. ਪਲੱਸ ਦਾ ਦਰਜਾ ਦਿਵਾਉਣ ਲਈ ਸਵੱਛਤਾ ਮੁਹਿੰਮ ‘ਚ ਯੋਗਦਾਨ ਦੇ ਰਹੇ ਨੇ ਲੋਕ
ਪਟਿਆਲਾ, 5 ਫਰਵਰੀ:(ਰਾਹੁਲ ਪਟਿਆਲਵੀ )
ਸਵੱਛ ਭਾਰਤ ਗ੍ਰਾਮੀਣ ਦੇ ਪਹਿਲੇ ਪੜਾਅ ਅਧੀਨ ਪਟਿਆਲਾ ਜ਼ਿਲ੍ਹੇ ਦੇ ਸਮੁਚੇ ਪਿੰਡਾਂ ਨੂੰ ਖੁੱਲ੍ਹੇ ‘ਚ ਸ਼ੌਚ ਜਾਣ ਤੋਂ ਮੁਕਤ ਐਲਾਨੇ ਜਾਣ ਬਾਅਦ ਹੁਣ ਇਨ੍ਹਾਂ ਪਿੰਡਾਂ ਦੇ ਲੋਕ ਅਗਲੇ ਪੜਾਅ ਤਹਿਤ ਓ.ਡੀ.ਐਫ. ਪਲੱਸ ਦਾ ਦਰਜਾ ਦਿਵਾਉਣ ਲਈ ਅੱਗੇ ਵੱਧ ਰਹੇ ਹਨ। ਸਿੱਟੇ ਵਜੋਂ ਪਿੰਡਾਂ ‘ਚ ਸਾਫ਼-ਸਫ਼ਾਈ ਅਤੇ ਸਵੱਛਤਾ ਨੂੰ ਤਰਜੀਹ ਮਿਲਣ ਕਰਕੇ ਲੋਕਾਂ ਦੇ ਜੀਵਨ ਦਾ ਪੱਧਰ ਉੱਚਾ ਉਠਿਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਸਾਰੇ ਪਿੰਡਾਂ ‘ਚ ਲੋਕਾਂ ਦੇ ਘਰਾਂ ‘ਚ ਪਖਾਨੇ ਮੁਹੱਈਆ ਹੋਣ ਬਾਅਦ ਜ਼ਿਲ੍ਹਾ ਓ.ਡੀ.ਐਫ. ਐਲਾਨਿਆ ਗਿਆ ਸੀ।
ਖੁੱਲ੍ਹੇ ‘ਚ ਸ਼ੌਚ ਮੁਕਤ ਐਲਾਨੇ ਪਿੰਡਾਂ ਦੀਆਂ ਮਹਿਲਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੀਂਹ, ਹਨੇਰੇ ਜਾਂ ਬਿਮਾਰੀ ਆਦਿ ‘ਚ ਪਖਾਨੇ ਦੀ ਹਾਜਤ ਹੋਣ ਸਮੇਂ ਖੁੱਲ੍ਹੇ ‘ਚ ਜਾਣਾ ਬਹੁਤ ਔਖਾ ਲੱਗਦਾ ਸੀ ਪਰੰਤੂ ਹੁਣ ਉਨ੍ਹਾਂ ਦੇ ਘਰਾਂ ‘ਚ ਪਖਾਨੇ ਬਣਨ ਨਾਲ ਉਨ੍ਹਾਂ ਦਾ ਜੀਵਨ ਬਹੁਤ ਸੁਖਾਲਾ ਹੋ ਗਿਆ ਹੈ।
ਪਿੰਡ ਉਗਾਣੀ ਦੇ ਵਾਸੀ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਖੁੱਲ੍ਹੇ ‘ਚ ਸ਼ੌਚ ਜਾਣ ਤੋਂ ਮੁਕਤ ਹੈ ਅਤੇ ਹੁਣ ਉਹ ਆਪਣੇ ਪਿੰਡ ਨੂੰ ਹੋਰ ਸਾਫ਼ ਸੁਥਰਾ ਰੱਖਣ ਲਈ ਵਚਨਬੱਧਤਾ ਨਿਭਾ ਰਹੇ ਹਨ। ਜਦੋਂਕਿ ਇਸੇ ਪਿੰਡ ਦੀ ਮਹਿਲਾ ਪੂਨਮਪ੍ਰੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਅਤੇ ਨਿੱਜਤਾ ਦੇ ਚਲਦਿਆਂ ਖੁੱਲ੍ਹੇ ‘ਚ ਸ਼ੌਚ ਜਾਣਾ ਮਹਿਲਾਵਾਂ ਲਈ ਬਹੁਤ ਹੀ ਔਖਾ ਸੀ ਪਰੰਤੂ ਜਦੋਂ ਤੋਂ ਉਨ੍ਹਾਂ ਦੇ ਪਿੰਡ ਵਿਖੇ ਘਰ-ਘਰ ਪਖਾਨੇ ਬਣੇ ਹਨ ਤਾਂ ਉਸ ਸਮੇਂ ਤੋਂ ਔਰਤਾਂ ਦਾ ਜੀਵਨ ਬਹੁਤ ਸੌਖਾ ਹੋ ਗਿਆ ਹੈ।
ਜਦੋਂਕਿ ਇਕ ਹੋਰ ਬਜੁਰਗ ਮਹਿਲਾ ਜਸਪਾਲ ਕੌਰ ਨੇ ਕਿਹਾ ਕਿ ਜਦੋਂ ਉਹ ਇਸ ਪਿੰਡ ‘ਚ ਵਿਆਹ ਕੇ ਆਈ ਸੀ ਤਾਂ ਉਸ ਸਮੇਂ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ ਹੈ ਪਰੰਤੂ ਹੁਣ ਘਰ-ਘਰ ਪਖਾਨੇ ਬਣਨ ਨਾਲ ਜਿੱਥੇ ਮਹਿਲਾਵਾਂ ਖੁੱਲ੍ਹੇ ‘ਚ ਸ਼ੌਚ ਜਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਗਈਆਂ ਹਨ, ਉਥੇ ਹੀ ਉਨ੍ਹਾਂ ਦੀ ਨਿੱਜਤਾ ਅਤੇ ਸੁਰੱਖਿਆ ਵੀ ਯਕੀਨੀ ਬਣ ਗਈ ਹੈ।
ਇਸ ਤਰ੍ਹਾਂ ਪਿੰਡ ਮਮੋਲੀ ਦੀਆਂ ਵਸਨੀਕ ਲਾਭਪਾਤਰੀ ਔਰਤਾਂ ਮਨਜੀਤ ਕੌਰ ਤੇ ਬਬਲੀ ਨੇ ਕਿਹਾ ਕਿ ਘਰ-ਘਰ ਪਖਾਨਾ ਬਣਾਉਣ ਦੀ ਸਵੱਛ ਭਾਰਤ ਸਕੀਮ ਤਹਿਤ ਉਨ੍ਹਾਂ ਦੇ ਘਰ ਵੀ ਪਖਾਨਾ ਬਣਿਆ ਤਾਂ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਮਿਲ ਗਿਆ। ਪਿੰਡ ਧਰਮਗੜ੍ਹ ਦੀ ਕਰਮਜੀਤ ਕੌਰ, ਜੋ ਕਿ ਸਾਫ਼ ਸੁੱਥਰੇ ਪਖਾਨੇ ਲਈ ਰਾਸ਼ਟਰੀ ਪੁਰਸਕਾਰ ਵੀ ਜਿੱਤ ਚੁੱਕੀ ਹੈ, ਨੇ ਕਿਹਾ ਕਿ ਘਰ-ਘਰ ਪਖਾਨੇ ਬਣਨ ਨਾਲ ਔਰਤਾਂ ਦੀ ਇੱਜਤ ਦੀ ਰਾਖੀ ਹੋਈ ਹੈ ਅਤੇ ਨਾਲ ਹੀ ਉਨ੍ਹਾਂ ਦਾ ਪਿੰਡ ਵੀ ਸਵੱਛ ਹੋਇਆ ਹੈ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਆਈ.ਈ.ਸੀ. ਸੰਗੀਤਾ ਤਿਪਾਠੀ ਨੇ ਕਿਹਾ ਕਿ ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ, ਖਾਸ ਕਰਕੇ ਮਹਿਲਾਵਾਂ ਤੇ ਬੱਚਿਆਂ ਦੀ ਜਾਗਰੂਕਤਾ ਲਈ ਮੁਹਿੰਮ ਚਲਾਈ ਤੇ ਇਸਦਾ ਬਹੁਤ ਚੰਗਾ ਸਿੱਟਾ ਨਿਕਲਿਆ ਅਤੇ ਲੋਕਾਂ ਨੇ ਆਪਣੇ ਘਰਾਂ ‘ਚ ਪਖਾਨੇ ਬਣਵਾ ਕੇ ਆਪਣੇ ਪਿੰਡਾਂ ਨੂੰ ਖੁੱਲ੍ਹੇ ‘ਚ ਸ਼ੌਚ ਮੁਕਤ ਬਣਾਉਣ ‘ਚ ਯੋਗਦਾਨ ਪਾਇਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਿੰਡਾਂ ‘ਚ ਵੱਖ-ਵੱਖ ਸਕੀਮਾਂ ਤਹਿਤ ਲੋਕਾਂ ਦੇ ਘਰਾਂ ‘ਚ ਪਖਾਨੇ ਬਣਵਾਏ ਗਏ ਅਤੇ ਹੁਣ ਸਵੱਛ ਭਾਰਤ ਦੇ ਦੂਜੇ ਪੜਾਅ ਤਹਿਤ ਪਿੰਡਾਂ ‘ਚ ਸਾਂਝੇ ਪਖਾਨੇ ਤੇ ਬਾਥਰੂਮ ਬਣਾ ਕੇ ਪਿੰਡਾਂ ਨੂੰ ਓਡੀਐਫ ਪਲਸ ਬਣਾਇਆ ਜਾ ਰਿਹਾ ਹੈ। ਇਸ ਤਹਿਤ ਠੋਸ ਤੇ ਤਰਲ ਕੂੜੇ ਦੇ ਨਿਪਟਾਰੇ ਸਮੇਤ ਐਸ.ਟੀ.ਪੀ. ਲਗਾਉਣ ਦੀ ਵੀ ਤਜਵੀਜ ਹੈ ਤਾਂ ਕਿ ਪਿੰਡਾਂ ਨੂੰ ਪੂਰੀ ਤਰ੍ਹਾਂ ਸਵੱਛ ਅਤੇ ਗੰਦਗੀ ਮੁਕਤ ਬਣਾਇਆ ਜਾ ਸਕੇ।
Please Share This News By Pressing Whatsapp Button