
ਭਾਈ ਮਰਦਾਨਾ ਦਾ 563ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
ਪਟਿਆਲਾ 7 ਫਰਵਰੀ (ਬਲਵਿੰਦਰ ਪਾਲ )
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਭਰ ਸਾਥ ਨਿਭਾਉਣ ਵਾਲੇ ਰਬਾਬੀ ਭਾਈ ਮਰਦਾਨਾ ਦਾ 563ਵਾਂ ਪ੍ਰਕਾਸ਼ ਦਿਹਾੜਾ ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਫੱਗਣਮਾਜਰਾ ਵਿਖੇ ਗੁਰਦੁਆਰਾ ਸ੍ਰੀ ਤੋਖਾ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਤ ਵੱਖ-ਵੱਖ ਪੁੱਜੀਆਂ ਸਖਸ਼ੀਅਤਾਂ ਨੂੰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਧਰਮ ’ਚ ਰਬਾਬੀ ਭਾਈ ਮਰਦਾਨਾ ਨੂੰ ਸਤਿਕਾਰਤ ਅਤੇ ਸਨਮਾਨਯੋਗ ਹਾਸਲ ਹੈ, ਜਿਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਚਾਰ ਉਦਾਸੀਆਂ ਸਮੇਂ ਆਪਣਾ ਲੰਮਾ ਜੀਵਨ ਬਤੀਤ ਕੀਤੀ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ’ਚ ਅਹਿਮ ਯੋਗਦਾਨ ਪਾਇਆ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਈ ਮਰਦਾਨਾ ਗੁਰੂ ਘਰ ਦੇ ਅਨਿਨ ਸੇਵਕ ਸਨ, ਜਿਨਾਂ ਨੇ ਗੁਰੂ ਸਾਹਿਬ ਦੀ ਕਰਨੀ ਅਤੇ ਕਥਨੀ ’ਚ ਰਹਿ ਕੇ ਪਰਮਾਤਮਾ ਦੀ ਜੁਗਤ ਨੂੰ ਸਮਝਿਆ ਹੀ ਨਹੀਂ ਬਲਕਿ ਸੰਗਤਾਂ ਨੂੰ ਗੁਰਬਾਣੀ ਦੇ ਮੂਲ ਸਿਧਾਂਤ ਨਾਲ ਜੋੜਨ ਦਾ ਅਹਿਮ ਉਪਰਾਲਾ ਵੀ ਕੀਤਾ। ਇਸ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ, ਗੁਰਮਤਿ ਸੰਗੀਤ ਚੇਅਰ ਦੇ ਸਰਪ੍ਰਸਤ ਪ੍ਰੋ. ਗੁਰਨਾਮ ਸਿੰਘ ਅਤੇ ਚੜ੍ਹਦੀਕਲਾ ਦੇ ਸੰਪਾਦਕ ਜਗਜੀਤ ਸਿੰਘ ਦਰਦੀ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਹੋਈਆਂ। ਸਮਾਗਮ ਦੌਰਾਨ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ ਰਬਾਬੀ ਭਾਈ ਮਰਦਾਨਾ ਦੀਆਂ ਸੰਗੀਤਕ ਧੁਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਜੀਤ ਸਿੰਘ ਗੋਰੀਆ, ਸਰਦਾਰਾ ਸਿੰਘ, ਵਨੀਤ ਖਾਨ, ਸ਼ੌਕਤ ਅਲੀ ਦਿਵਾਨਾ, ਗੁਲਜ਼ਾਰੀ ਲਾਲ, ਤਰਸੇਮ ਸਿੰਘ ਆਦਿ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਤ ਵੀ ਕੀਤਾ।
Please Share This News By Pressing Whatsapp Button