
ਫਿਰੋਜ਼ਪੁਰ ‘ਚ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ ‘ਤੇ ਹਮਲਾ, ਬੈਰੀਕੇਡ ਤੋੜ ਪਹੁੰਚੇ ਕਿਸਾਨ
ਫਿਰੋਜ਼ਪੁਰ, 9 ਫਰਵਰੀ (ਰੁਪਿੰਦਰ ਮੋਨੂੰ) : ਕੇਂਦਰ ਦੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਦੇ ਚੱਲਦਿਆਂ ਭਖੇ ਕਿਸਾਨ ਅੰਦੋਲਨ ਕਾਰਨ ਪੰਜਾਬ ਦੇ ਭਾਜਪਾਈ ਆਗੂਆਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ। ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਚੱਲਦਿਆਂ ਮਜਬੂਰਨ ਘਰੋਂ ਨਿਕਲੇ ਭਾਜਪਾ ਦੇ ਸੂਬਾਈ ਆਗੂ ਅਸ਼ਵਨੀ ਸ਼ਰਮਾ ਦਾ ਅੱਜ ਫਿਰੋਜ਼ਪੁਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ।
ਅਸ਼ਵਨੀ ਸ਼ਰਮਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾੰ ਅਤੇ ਵਰਕਰਾਂ ਨਾਲ ਮੀਟਿੰਗ ਕਰਨ ਫਿਰੋਜ਼ਪੁਰ ਪਹੁੰਚੇ ਸਨ। ਪੰਜਾਬ ਵਿਚ ਜਗ੍ਹਾ-ਜਗ੍ਹਾ ਵਿਰੋਧ ਦਾ ਸਾਹਮਣਾ ਕਰ ਚੁੱਕੇ ਭਾਜਪਾ ਆਗੂ ਵੱਲੋਂ ਚਲਾਕੀ ਇਹ ਵਰਤੀ ਗਈ ਕਿ ਉਹ ਤੈਅ ਸਮੇਂ ਤੋਂ ਚੋਖਾ ਸਮਾਂ ਪਹਿਲਾਂ ਹੀ ਕਿਸਾਨਾਂ ਦੀਆਂ ਅੱਖਾਂ ਤੋਂ ਬਚ ਕੇ ਪੈਲੇਸ ਵਿਚ ਤਾਂ ਦਾਖਲ ਹੋ ਗਏ ਪਰ ਕੁਝ ਮਿੰਟਾਂ ਬਾਅਦ ਕਾਫੀ ਤਾਦਾਦ ਵਿਚ ਕਿਸਾਨ ਉਸ ਜਗ੍ਹਾ ‘ਤੇ ਪਹੁੰਚਣ ਲਈ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਤੱਕ ਆ ਗਏ, ਜਿਸ ਦੌਰਾਨ ਕਿਸਾਨਾਂ ਵੱਲੋਂ ਪੈਲੇਸ ਤੱਕ ਪਹੁੰਚਣ ਦੀ ਜਿੱਦ ਕੀਤੀ ਜਾ ਰਹੀ ਸੀ, ਉਸੇ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚ ਟਕਰਾਅ ਹੋ ਗਿਆ। ਕਿਸਾਨਾਂ ਵੱਲੋਂ ਬੈਰੀਕੇਡ ਤੋੜ ਕੇ ਪੈਲੇਸ ਦੇ ਅੱਗੇ ਪਹੁੰਚ ਕੇ ਬੀ.ਜੇ.ਪੀ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਹਾਲਾਤ ਹੱਦ ਤੋਂ ਬਾਹਰ ਹੁੰਦੇ ਵੇਖ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲੋਂ ਹੀ ਜ਼ਿਆਦਾ ਫੌਰਸ ਦੀ ਤੈਨਾਤੀ ਕੀਤੀ ਗਈ ਸੀ।
ਹਾਲਾਤ ਇਸ ਕਦਰ ਤਣਾਅ ਪੂਰਨ ਹੋ ਗਏ ਕਿ ਪੁਲਿਸ ਦੇ ਕੰਟਰੋਲ ਕਰਨ ਤੋਂ ਬਾਵਜੂਦ ਕਿਸਾਨਾਂ ਵੱਲੋਂ ਬੈਰੀਗੇਟ ਤੋੜੇ ਗਏ, ਅਸ਼ਵਨੀ ਸ਼ਰਮਾ ਦੀ ਗੱਡੀ ਨੂੰ ਘੇਰ ਕੇ ਡੰਡਿਆਂ ਨਾਲ ਉਨ੍ਹਾਂ ਦੀ ਗੱਡੀ ਨੁੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਕਿਸਾਨਾਂ ਦਾ ਗੁੱਸਾ ਇਥੇ ਹੀ ਘੱਟ ਨਹੀਂ ਹੋਇਆ, ਮੀਟਿੰਗ ਵਿਚੋਂ ਬਾਹਰ ਨਿਕਲੇ ਬੀਜੇਪੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਅਤੇ ਲੋਕਲ ਆਗੂਆਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਪਿਆ। ਬੜੀ ਮੁਸ਼ਕਲ ਨਾਲ ਪੁਲਿਸ ਵੱਲੋਂ ਆਪਣੀਆਂ ਗੱਡੀਆਂ ਵਿਚ ਬੈਠਾ ਕੇ ਸੁਖਪਾਲ ਸਿੰਘ ਨੰਨੂ ਨੂੰ ਸੁਰੱਖਿਅਤ ਸਥਾਨ ‘ਤੇ ਲਿਜਾਇਆ ਗਿਆ। ਵਿਰੋਧ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਦਿੱਲੀ ਵਿਚ ਕਿਸਾਨਾਂ ਦਾ ਕਿੱਲਾਂ ਲਾ ਕੇ ਰਸਤਾ ਰੋਕਿਆ ਜਾ ਰਿਹਾ ਹੈ ਤਾਂ ਫਿਰ ਇਥੇ ਬੀਜੇਪੀ ਦੇ ਲੀਡਰ ਕਿਹੜੇ ਮੂੰਹ ਲੈ ਕੇ ਆਉਂਦੇ ਹਨ। ਅਸੀਂ ਇਨ੍ਹਾਂ ਦਾ ਜਿਥੇ ਵੀ ਜਾਣਗੇ ਉਥੇ ਹੀ ਵਿਰੋਧ ਕਰਾਂਗੇ। ਮੌਕੇ ‘ਤੇ ਖੜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲਾਤ ਕਾਬੂ ਹੇਠ ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ ਹੀ ਮੋਗਾ ਵਿਖੇ ਭਾਜਪਾ ਦੇ ਸਾਬਕਾ ਸੰਸਦ ਵਿਜੇ ਸਾਂਪਲਾ ਅਤੇ ਨਵਾਂਸ਼ਹਿਰ ਵਿਖੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕੀਤਾ ਗਿਆ ਸੀ।
Please Share This News By Pressing Whatsapp Button