
ਪੰਜਾਬੀ ਯੂਨੀਵਰਸਿਟੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾ ਲਗਾਤਾਰ ਜਾਰੀ
ਪਟਿਆਲਾ, 12 ਫਰਵਰੀ (ਰੁਪਿੰਦਰ ਸਿੰਘ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਅੱਜ ਫਿਰ ਧਰਨਾ ਦਿੱਤਾ ਗਿਆ ਜੋ ਕਿ ਜੋਆਇੰਟ ਐਕਸ਼ਨ ਕਮੇਟੀ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਹੈ। ਅੱਜ ਇਹ ਧਰਨਾ 140ਵੇਂ ਦਿਨ ਵਿੱਚ ਵੀ ਜਾਰੀ ਰਿਹਾ। ਇਹ ਧਰਨਾ ਮੁੱਖ ਚਾਰ ਮੁੱਦੇ ਤਨਖਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਯੂਨੀਵਰਸਿਟੀ ਲਈ ਵਿੱਤੀ ਗਰਾਂਟ, ਯੂਨੀਵਰਸਿਟੀ ਖੁਦਮੁਖਤਿਆਰੀ ਲਈ ਲਗਾਇਆ ਜਾ ਰਿਹਾ। ਇਸ ਧਰਨੇ ਵਿੱਚ ਹਾਜਰ ਹੋਏ ਪੂਟਾ ਦੇ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਆਉਣ ਵਾਲੇ ਬਜਟ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਜਾਰੀ ਕਰਨੀ ਚਾਹੀਦੀ ਹੈ ਤਾਂ ਕਿ ਇਥੋਂ ਦੇ ਅਧਿਆਪਕਾਂ ਨੂੰ ਧਰਨਾ ਨਾ ਲਾਉਣਾ ਪਵੇ ਬਲਕਿ ਉਹ ਖ਼ੋਜ ਕਾਰਜ ਅਤੇ ਆਪਣੀਆਂ ਅਧਿਆਪਕ ਗਤੀਵਿਧੀਆ ਵੱਲ ਹੀ ਧਿਆਨ ਕੇਂਦ੍ਰਿਤ ਕਰਨ। ਪੂਟਾ ਦੇ ਜੋਇੰਟ ਸਕੱਤਰ ਡਾ. ਬਲਰਾਜ ਸਿੰਘ ਬਰਾੜ ਨੇ ਆਖਿਆ ਕਿ ਇੰਜ ਲੱਗ ਰਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਲਾਵਾਰਿਸ ਹੋ ਗਈ ਹੋਵੇ ਅਤੇ ਵਾਈਸ ਚਾਂਸਲਰ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਸਥਿਤ ਆਫਿਸ ਵਿੱਚ ਹੀ ਆਉਣਾ ਚਾਹੀਦਾ ਹੈ ਅਤੇ ਅਧਿਆਪਕਾਂ ਅਤੇ ਮੁਲਾਜਮਾਂ ਦੀਆਂ ਸਮੱਸਿਆਵਾ ਨੂੰ ਸੁਣਨਾ ਚਾਹੀਦਾ ਹੈ । ਉਹਨਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਮੁਲਾਜਮਾਂ ਦੀ ਜਨਵਰੀ ਮਹੀਨੇ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ। ਜੋਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਸੁਖਜਿੰਦਰ ਸਿੰਘ ਬੁੱਟਰ ਨੇ ਆਖਿਆ ਕਿ ਪਟਿਆਲੇ ਨਾਲ ਸਬੰਧਿਤ ਸਾਰੀਆਂ ਪਾਰਟੀਆਂ ਦੇ ਮੋਹਤਬਰ ਲੀਡਰਾਂ ਨੂੰ ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਦੇ ਕੇ ਪੈਰਾਂ ਸਿਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ । ਰਿਟਾਇਰਡ ਪ੍ਰੋਫੈਸਰ ਡਾ. ਕੁਲਵਿੰਦਰ ਸਿੰਘ ਨੇ ਆਖਿਆ ਕਿ ਜੋ ਕੇਂਦਰ ਦੀ ਸਰਕਾਰ ਦੀ ਨੀਅਤ ਅਤੇ ਨੀਤੀ ਹੈ ਇੰਜ ਜਾਪਦਾ ਹੈ ਉਹੀ ਨੀਅਤ ਅਤੇ ਨੀਤੀ ਪੰਜਾਬ ਸਰਕਾਰ ਇਥੇ ਪੰਜਾਬੀ ਯੂਨੀਵਰਸਿਟੀ ਨਾਲ ਕਰ ਰਾਹੀ ਹੈ। ਇਸ ਧਰਨੇ ਵਿੱਚ ਪੂਟਾ ਦੇ ਕਾਰਜਕਾਰਨੀ ਮੈਂਬਰ, ਡਾ. ਪਰਮਵੀਰ ਸਿੰਘ, ਚਰਨਜੀਤ ਨੌਹਰਾ, ਇੰਜ. ਹਰਵਿੰਦਰ ਧਾਲੀਵਾਲ, ਡਾ.ਸਰਬਜੀਤ ਸਿੰਘ ਅਤੇ ਸੁਖਜਿੰਦਰ ਬੁੱਟਰ ਆਦਿ ਅਧਿਆਪਕ ਸਾਹਿਬਾਨ ਸ਼ਾਮਲ ਹੋਏ। ਡਾ.ਕੁਲਵਿੰਦਰ ਸਿੰਘ ਹਾਜਰ ਸਨ । ਜੁਆਇੰਟ ਐਕਸ਼ਨ ਕਮੇਟੀ ਦੇ ਹਾਜਰ ਮੈਂਬਰਜ ਨੇ ਜ਼ੋਰਦਾਰ ਨਾਅਰੇਬਾਜੀ ਕਰਨ ਤੋਂ ਯੂਨੀਵਰਸਿਟੀ ਦੀਆਂ ਸਾਰੀਆਂ ਹੀ ਧਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਯੂਨੀਵਰਸਿਟੀ ਲਈ ਪੰਜਾਬ ਸਰਕਾਰ ਤੋਂ ਵਿੱਤੀ ਗਰਾਂਟ, ਤਨਖਾਹ, ਪੈਨਸ਼ਨ ਦੀ ਸਮੇਂ ਸਿਰ ਅਦਾਇਗੀ ਅਤੇ ਯੂਨੀਵਰਸਿਟੀ ਖੁਦਮੁਖਤਿਆਰੀ ਲਈ, ਇਨ੍ਹਾਂ ਚਾਰ ਮੁੱਦਿਆਂ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰਨ।
Please Share This News By Pressing Whatsapp Button