
ਸਰਕਾਰੀ ਵਿਭਾਗਾਂ ਦੀ ਖੇਡ , ਬੁਲੇਟ ਮੋਟਰਸਾਈਕਲ ਨੂੰ ਬਣਾ ‘ਤਾ ਫਾਇਰ ਬਿ੍ਗੇਡ
ਪਟਿਆਲਾ 12 ਫਰਵਰੀ (ਰੁਪਿਣਦਰ ਸਿੰਘ ) : ਸਰਕਾਰੀ ਕਾਰਗੁਜ਼ਾਰੀ ਅਕਸਰ ਹੀ ਚਰਚਾਵਾਂ ਵਿਚ ਰਹਿੰਦੀ ਹੈ। ਅਜਿਹਾ ਹੀ ਮਾਮਲਾ ਸਥਾਨਕ ਸਰਕਾਰਾਂ ਵਿਭਾਗ ਦੇ ਆਰੀਟੀਏ ਦਫ਼ਤਰ ਦਾ ਸਾਹਮਣੇ ਆਇਆ ਹੈ ਜਿੱਥੇ ਇਕ 350 ਸੀਸੀ ਬੁਲੇਟ ਮੋਟਰਸਾਈਕਲ ਨੂੰ 6 ਹਜ਼ਾਰ ਸੀਸੀ ਦੀ ਫਾਇਰ ਬਿ੍ਗੇਡ ਗੱਡੀ ਵਿਚ ਤਬਦੀਲ ਕਰਦਿਆਂ ਵੱਡਾ ਚਮਤਕਾਰ ਕਰ ਦਿੱਤਾ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਕਈ ਸਾਲਾਂ ਤੋਂ ਇਕ ਨੰਬਰ ‘ਤੇ ਇਕ ਸਰਕਾਰੀ ਵਾਹਨ ਤੇ ਇਕ ਨਿੱਜੀ ਮੋਟਰਸਾਇਕਲ ਚੱਲ ਰਿਹਾ ਹੈ। ਇੱਥੇ ਹੀ ਬਸ ਨਹੀਂ, ਇਕ ਨੰਬਰ ‘ਤੇ ਚੱਲ ਰਹੇ ਦੋ ਵਾਹਨਾਂ ਦਾ ਬੀਮਾ ਕੰਪਨੀ, ਆਰੀਟੀਏ ਦਫ਼ਤਰ ਤੇ ਟਾਟਾ ਕੰਪਨੀ ਦਾ ਰਿਕਾਰਡ ਵੀ ਆਪਸ ਵਿਚ ਮੇਲ ਨਹੀਂ ਖਾਂਦਾ।
ਜਾਣਕਾਰੀ ਅਨੁਸਾਰ ਪੀਬੀ 65-ਏਜੀ 1284 ਅਜਿਹਾ ਨੰਬਰ ਹੈ ਜਿਸ ‘ਤੇ ਸਰਕਾਰੀ ਫਾਇਰ ਬਿ੍ਗੇਡ ਗੱਡੀ ਪਟਿਆਲਾ ਸ਼ਹਿਰ ਵਿਚ ਚੱਲ ਰਹੀ ਹੈ। ਏਸੇ ਨੰਬਰ ‘ਤੇ ਇਕ ਬੁਲੇਟ ਮੋਟਰਸਾਈਕਲ ਮੁਹਾਲੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਚੱਲ ਰਿਹਾ ਹੈ। ਦੋਵਾਂ ਵਾਹਨਾਂ ਦੇ ਮਾਡਲ ਵਿਚ 2 ਸਾਲ ਦਾ ਫ਼ਰਕ ਤੇ ਸਰਕਾਰੀ ਰਿਕਾਰਡ ਵਿਚ ਅਸਲ ਮਾਲਕਾਨਾ ਹੱਕ ਮੋਟਰਸਾਈਕਲ ਮਾਲਕ ਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਓਰੀਐਂਟਲ ਬੀਮਾ ਕੰਪਨੀ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਫ਼ਰਜ਼ੀ ਨੰਬਰ ‘ਤੇ ਚੱਲ ਰਹੀ ਫਾਇਰ ਬਿ੍ਗੇਡ ਦੀ ਚੈਸੀ ਨੰਬਰ ਟਰੇਸ ਕੀਤੇ ਬਿਨਾਂ ਹੀ ਬੀਮਾ ਵੀ ਕੀਤਾ ਜਾ ਰਿਹਾ ਹੈ। ਬੀਮਾ ਕੰਪਨੀ ਦੇ ਰਿਕਾਰਡ ਅਨੁਸਾਰ ਇਹ ਫਾਇਰ ਬਿ੍ਗੇਡ ਇਕ ਢੋਆ-ਢੁਆਈ ਵਾਲੀ ਗੱਡੀ ਹੈ ਜਿਸ ਦੀ ਕੰਪਨੀ ਕੋਲ ਆਰਸੀ ਦਾ ਰਿਕਾਰਡ ਵੀ ਨਹੀਂ ਹੈ। ਦੂਜੇ ਪਾਸੇ ਪਟਿਆਲਾ ਫਾਇਰ ਅਫਸਰ ਲਚਮਣ ਦਾਸ ਦਾ ਕਹਿਣਾ ਹੈ ਕਿ ਨਵੀਆਂ ਖਰੀਦੀਆਂ ਗੱਡੀਆਂ ਦੇ ਕਾਗ਼ਜ਼ਾਂ ਵਿਚ ਕੁਝ ਖਾਮੀਆਂ ਹਨ ਤੇ ਇਸ ਬਾਰੇ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਲਈ ਸਬੰਧਤ ਵਿਭਾਗ ਨੂੰ ਪੱਤਰ ਭੇਜਿਆ ਗਿਆ ਹੈ। ਇੱਕੋ ਨੰਬਰ ‘ਤੇ ਦੋ ਵਾਹਨ ਚੱਲਣ ਸਬੰਧੀ ਲਛਮਣ ਦਾਸ ਨੇ ਕਿਹਾ ਕਿ ਇਸ ਬਾਰੇ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
Please Share This News By Pressing Whatsapp Button