ਅਕਾਲੀ ਤੇ ਕਾਂਗਰਸੀ ਹੋਣ ਲੱਗੇ ਮੇਹਣੋ-ਮੇਹਣੀ
ਪਟਿਆਲਾ, 12 ਫਰਵਰੀ (ਰੁਪਿੰਦਰ ਸਿੰਘ) : ਰੇਹੜੀ ਮਾਰਕਿਟ ਦੀ ਸ਼ਿਫਟਿੰਗ ਮਾਮਲੇ ‘ਤੇ ਕਾਂਗਰਸੀ ਤੇ ਅਕਾਲੀ ਨੇਤਾ ਮਹਿਣੋ ਮਹਿਣੀ ਹੋਣ ਲੱਗੇ ਹਨ। ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਅਕਾਲੀ ਦਲ ਦੇ ਨੇਤਾ ਤੇ ਉਨਾਂ ਦੇ ਵਰਕਰਾਂ ਦੀ ਸੱਚਾਈ ਸਾਹਮਣੇ ਆਉਣ ਲੱਗੀ ਹੈ। ਰੇਹੜੀ ਸੰਚਾਲਕਾਂ ਵਲੋਂ ਦੱਸੀ ਜਾ ਰਹੀ ਸੱਚਾਈ ਤੋਂ ਸਾਫ ਹੈ ਕਿ ਰੇਹੜੀ ਸ਼ਿਫਟਿੰਗ ਨਾਲ 14 ਸਾਲ ਪੁਰਾਣੀ ਜਬਰਨ ਵਸੂਲ ਦਾ 11 ਫਰਵਰੀ ਨੂੰ ਅੰਤ ਹੋ ਗਿਆ ਹੈ। ਕਾਂਗਰਸੀ ਕੌਂਸਲਰ ਤੇ ਬਲਾਕ ਪ੍ਰਧਾਨ ਅਤੁਲ ਜੋਸ਼ੀ ਨੇ ਕਿਹਾ ਕਿ ਅਗਲੀਆਂ ਰੇਹੜੀਆਂ ਤੋਂ ਤਿੰਨ ਹਜ਼ਾਰ ਤੇ ਪਿਛਲੀ ਰੇਹੜੀਆਂ ਤੋਂ ਦੋ ਹਜ਼ਾਰ ਪ੍ਰਤੀ ਮਹੀਨਾ ਦੀ ਵਸੂਲੀ ਨਾਲ ਅਕਾਲੀ ਨੇਤਾਵਾਂ ਦੀ ਸ਼ੈਹ ‘ਤੇ ਵਸੂਲੀ ਮਾਫੀਆ 10 ਤੋਂ 13 ਲੱਖ ਰੁਪਹੇ ਦੀ ਕਮਾਈ ਕਰਕੇ ਆਪਣੇ ਆਕਾਵਾਂ ਨੂੰ ਖੁਸ਼ ਕਰ ਰਿਹਾ ਸੀ। ਜੋਸ਼ੀ ਦਾ ਦੋਸ਼ ਹੈ ਕਿ ਵਸੂਲੀ ਦੀ ਕਮਾਈ ਹੱਥੋਂ ਜਾਂਦੀ ਦੇਖ ਅਕਾਲੀ ਨੇਤਾ ਘਬਰਾ ਗਏ ਤੇ ਉਨਾਂ ਨੇ ਲੋਕਾਂ ਨੂੰ ਅੱਗੇ ਲਾ ਕੇ ਰੇਹੜੀ ਸ਼ਿਫਟਿੰਗ ਦਾ ਵਿਰੋਧ ਕਰਵਾਇਆ। ਵਾਰਡ ਨੰਬਰ 40 ਦੇ ਕੌਂਸਲਰ ਸੰਦੀਪ ਮਲਹੋਤਰਾ ਨੇ ਕਿਹਾ ਕਿ ਜਿਹੜੇ ਲੋਕ ਮੰਦਰ ਦੀਆਂ ਜਮੀਨਾਂ ‘ਤੇ ਜਾਅਲੀ ਦਸਤਾਵੇਜ ਤਿਆਰ ਕਰਕੇ ਕਬਜੇ ਕਰਨ ਦੇ ਆਦੀ ਹੋਣ ਤੇ ਡੇਰਿਆਂ ਦੀਆਂ ਜਮੀਨਾਂ ‘ਤੇ ਕਬਜੇ ਕਰਕੇ 2-2 ਹਜ਼ਾਰ ਗਜ਼ ਦੀ ਜਮੀਨਾਂ ‘ਤੇ ਘਰ ਬਣਾ ਚੁੱਕੇ ਹੋਣ ਉਨਾਂ ਨੂੰ ਸ਼ਹਿਰ ਦੇ ਮਾਮਲਿਆਂ ਵਿਚ ਦਖਲ ਨਹੀਂ ਦੇਣਾ ਚਾਹੀਦਾ। ਵਾਰਡ ਨੰਬਰ 41 ਦੇ ਕੌਂਸਲਰ ਹਰੀਸ਼ ਕਪੂਰ ਦਾ ਕਹਿਣਾ ਹੈ ਕਿ ਜੋ ਲੋਕ ਅੱਜ ਵਿਕਾਸ ਤੇ ਬਦਲਾਅ ਦਾ ਵਿਰੋਧ ਕਰ ਰੇਹ ਹਨ ਉਹ ਸਰਕਾਰ ਵਿਚ ਰਹਿ ਕੇ ਸ਼ਹਿਰ ਦੇ ਲਈ ਕੁਝ ਨਹੀਂ ਕਰ ਸਕੇ। ਉਹ ਹੁਣ ਆਮ ਲੋਕਾਂ ਨੂੰ ਗੁਮਰਾਹ ਕਰਕੇ ਰਾਜਨੀਤਿਕ ਲਾਭ ਲੈਣ ਵਾਲੇ ਸ਼ਹਿਰ ਵਿਚ ਕਿਸੇ ਇਕ ਪ੍ਰਾਜੈਕਟ ਨੂੰ ਸ਼ੁਰੂ ਕਰਨ ਦਾ ਸਬੂਤ ਦੇਣ ਨਹੀਂ ਤਾਂ ਸ਼ਹਿਰ ਦੇ ਵਿਕਾਸ ਕਾਰਜਾਂ ਜਾਂ ਕਿਸੇ ਤਰ੍ਹਾਂ ਦੇ ਬਦਲਾਅ ‘ਚ ਦਖਲ ਅੰਦਾਜੀ ਕਰਨ ਦਾ ਕੋਈ ਹੱਕ ਨਹੀਂ ਹੈ। ਯੂਥ ਕਾਂਗਰਸ ਪਟਿਆਲਾ ਸ਼ਹਿਰੀ ਪ੍ਰਧਾਨ ਅਨੁਜ ਖੋਸਲਾ ਨੇ ਕਿਹਾ ਕਿ ਰੇਹੜੀ ਸੰਚਾਲਕ ਨਵੀਂ ਰੇਹੜੀ ਮਾਰਕਿਟ ਵਿਚ ਜਾ ਕੇ ਖੁਦ ਖੁਸ਼ ਹਨ ਤੇ ਉਹ ਹਰ ਮਹੀਨੇ ਤਿੰਨ ਤੋਂ ਪੰਜ ਹਜ਼ਾਰ ਰੁਪਏ ਦੀ ਬਚਤ ਹੋਣ ਦੀ ਗੱਲ ਕਹਿ ਰਹੇ ਹਨ। ਇਹੀ ਨਹੀਂ ਮੇਅਰ ਸੰਜੀਵ ਸ਼ਰਮਾ ਬਿੱਟੂ ਵਲੋਂ ਮਹੀਨੇ ਤੱਕ ਦਾ ਕਿਰਾਇਆ ਮਾਫ ਕਰਨ ਦੀ ਗੱਲ ਰੇਹੜੀ ਸੰਚਾਲਕਾਂ ਨੂੰ ਘਟੋ ਘਟ ਪੰਜ ਹਜਾਰ ਰੁਪਏ ਪ੍ਰਤੀ ਰੇਹੜੀ ਲਾਭ ਪਹੁੰਚਾ ਰਿਹਾ ਹੈ। ਵਾਰਡ ਨੰਬਰ 38 ਦੇ ਕੌਂਸਲਰ ਨਿਖਿਲ ਬਾਤਿਸ਼ ਸ਼ੇਰੂ ਦਾ ਕਹਿਣਾ ਹੈ ਕਿ ਸ਼ੋਸਲ ਮੀਡੀਆ ‘ਤੇ ਸਿਆਸਤ ਕਰਨ ਵਾਲੇ ਸਿਰਫ ਗਲਤੀ ਗਿਣਾਉਣ ਤੱਕ ਸੀਮਤ ਹਨ। ਜੇਕਰ ਸੱਚੀ ਹੀ ਨਜਾਇਜ ਸਬਜੀ ਮੰਡੀ ਸ਼ਿਫਟ ਕਰਨਾ ਗਲਤ ਹੈ ਤਾਂ ਵਿਰੋਧ ਜਤਾਉਣ ਵਾਲੇ ਇਲਾਕਾ ਵਾਸੀਆਂ ਦੇ ਵਿਚ ਆ ਕੇ ਬਹਿਸ ਕਰ ਲੈਣ ਤੇ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ।
ਸੱਚਾਈ ਜੱਗ ਜ਼ਾਹਰ ਹੋ ਚੁੱਕੀ ਹੈ : ਹਰਪਾਲ ਜੁਨੇਜਾ
ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ‘ਖੁਦ ਲਿੱਬੜੇ ਤੇ ਦੂਸਰਿਆਂ ਨੂੰ ਵੀ ਲਿਬੇੜਾਂਗੇ ਵਾਲੀ ਗੱਲ ਕਾਂਗਰਸੀਆਂ ‘ਤੇ ਸਹੀ ਬੈਠਦੀ ਹੈ, ਜਿਹੜੀ ਪਾਰਟੀ ਦੇ ਨੇਤਾ ਖੁਦ ਸੱਟੇਬਾਜੀ ਤੇ ਦੇਹ ਵਪਾਰ ਦੇ ਮਾਮਲਿਆਂ ਵਿਚ ਨਾਮਜਦ ਹੋਣ ਉਹ ਆਪਣੀ ਸਿਆਸੀ ਜਮੀਨ ਬਚਾਉਣ ਲਈ ਹੁਣ ਆਨੇ ਬਹਾਨੇ ਹੋਰਾਂ ਪਾਰਟੀ ‘ਤੇ ਚਿੱਕੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂਕਿ ਸੱਚਾਈ ਜੱਗ ਜਾਹਿਰ ਹੋ ਚੁੱਕੀ ਹੈ। ਜੁਨੇਜਾ ਨੇ ਕਿਹਾ ਕਿ ਜੇਕਰ ਸਬਜੀ ਮੰਡੀ ਨੂੰ ਸ਼ਿਫਟ ਕਰਨ ਕਾਨੂੰਨੀ ਤੌਰ ‘ਤੇ ਸਹੀ ਸੀ ਤਾਂ ਫਿਰ ਰਾਤ 2 ਵਜੇ ਕਾਰਵਾਈ ਕਰਨ ਦੀ ਲੋੜ ਕਿਉਂ ਪਈ, ਜੇਕਰ ਲੋਕ ਖੁਸ਼ ਸੀ ਤਾਂ ਹਰ ਵਾਰ ਨਿਗਮ ਦਾ ਵਿਰੋਧ ਕਿਉਂ ਹੁੰਦਾ ਰਿਹਾ। ਜੁਨੇਜਾ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਕਰਕੇ ਪਾਰਟੀ ਆਪਣਾ ਸ਼ਾਖ ਖੋਹ ਬੈਠੀ ਹੈ ਤੇ ਹੁਣ ਇਹ ਨੇਤਾ ਆਪਣੀ ਸਿਆਸੀ ਜਮੀਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Please Share This News By Pressing Whatsapp Button