ਪਾਤੜਾਂ ਦੇ ਸਾਰੇ ਬੂਥ ਸੰਵੇਦਨਸ਼ੀਲ ਐਲਾਨੇ ਜਾਣ ਮਗਰੋਂ ਐਸਪੀ ਵੱਲੋਂ ਦੌਰਾ
ਪਾਤੜਾਂ 13 ਫ਼ਰਵਰੀ (ਸੰਜੇ ਗਰਗ)
ਨਗਰ ਕੌਂਸਲ ਪਾਤੜਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਸਤਾਰਾਂ ਵਾਰਡਾਂ ਲਈ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਛੱਬੀ ਪੋਲਿੰਗ ਬੂਥਾਂ ਵਿਚੋਂ ਦੋ ਬੂਥਾਂ ਨੂੰ ਅਤਿ ਸੰਵੇਦਨਸ਼ੀਲ ਅਤੇ ਬਾਕੀ ਸਾਰੇ ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਕਰਾਰ ਦਿੱਤੇ ਜਾਣ ਮਗਰੋਂ ਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਪੋਲਿੰਗ ਪਾਰਟੀਆਂ ਅਤੇ ਹਾਜ਼ਰ ਪੁਲਿਸ ਕਰਮਚਾਰੀਆਂ ਨੂੰ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਲਈ ਹਦਾਇਤਾਂ ਜਾਰੀ ਕੀਤੀਆਂ ।
ਜਾਣਕਾਰੀ ਦਿੰਦਿਆਂ ਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਅਮਨਪੂਰਵਕ ਪੋਲਿੰਗ ਕਰਵਾਉਣ ਲਈ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਵਾਧੂ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਕਿਸੇ ਨੂੰ ਵੀ ਚੋਣਾਂ ਦੌਰਾਨ ਗੜਬੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਐੱਸਡੀਐੱਮ ਪਾਤੜਾਂ ਨਿਤੀਸ਼ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਦੇ ਮੱਦੇਨਜ਼ਰ ਪਾਤੜਾਂ ਦੇ ਸਤਾਰਾਂ ਵਾਰਡਾਂ ਲਈ ਨਗਰ ਕੌਂਸਲ ਪਾਤੜਾਂ ਦੇ ਦੀਆਂ ਚੋਣਾਂ ਦੌਰਾਨ ਬਣਾਏ ਗਏ ਛੱਬੀ ਪੋਲਿੰਗ ਬੂਥਾਂ ਵਿਚੋਂ ਵਾਰਡ ਨੰਬਰ ਗਿਆਰਾਂ ਨਾਲ ਸਬੰਧਤ ਦੋਨੋਂ ਪੋਲਿੰਗ ਬੂਥਾਂ ਨੂੰ ਅਤਿ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਜਦੋਂਕਿ ਬਾਕੀ ਚੌਵੀ ਪੋਲਿੰਗ ਬੂਥ ਨਾਜ਼ੁਕ ਹਨ। ਉਨ੍ਹਾਂ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ ਪੂਰਵਕ ਪੋਲਿੰਗ ਕਰਵਾਉਣ ਦੇ ਮਕਸਦ ਨਾਲ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਫੋਟੋ : ਪੋਲਿੰਗ ਬੂਥਾਂ ਦਾ ਦੌਰਾ ਕਰਦੇ ਹੋਏ ਐੱਸ ਪੀ ਵਰੁਣ ਸ਼ਰਮਾ ।
Please Share This News By Pressing Whatsapp Button