ਮੁਹਾਲੀ ਦੇ ਕਤਲ ਹੋਏ ਵਪਾਰੀ ਦੀ ਲਾਸ਼ ਪਸਿਆਣਾ ਨਹਿਰ ‘ਚੋਂ ਬਰਾਮਦ
ਪਟਿਆਲਾ, 13 ਫਰਵਰੀ (ਰੁਪਿੰਦਰ ਸਿੰਘ) : ਮੁਹਾਲੀ ਦੇ ਮਟੌਰ ਵਾਸੀ ਕਤਲ ਹੋਏ ਵਪਾਰੀ ਦੀ ਲਾਸ਼ ਸ਼ਨੀਵਾਰ ਨੂੰ ਸੰਗਰੂਰ ਰੋਡ ਸਥਿਤ ਪਸਿਆਣਾ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ ਹੈ। ਗੋਤਾਖੋਰਾਂ ਨੇ ਨਹਿਰ ਵਿਚੋਂ ਲਾਸ਼ ਬਰਾਮਦ ਕੀਤੀ ਸੀ, ਜਿਸਨੂੰ ਪਛਾਣ ਲਈ ਪੁਲਿਸ ਹਵਾਲੇ ਕੀਤਾ ਗਿਆ। ਪੁਲਿਸ ਵਲੋਂ ਕੀਤੀ ਜਾਂਚ ਵਿਚ ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਵਾਸੀ ਮਨੌਰ ਜਿਲ੍ਹਾ ਮੁਹਾਲੀ ਵਜੋਂ ਹੋਈ ਹੈ। ਸੁਨੀਲ ਕੁਮਾਰ ਨਮਕੀਨ ਹੋਲਸੇਲ ਦਾ ਵਪਾਰੀ ਸੀ ਤੇ 10 ਫਰਵਰੀ ਤੋਂ ਲਾਪਤਾ ਸੀ ਤੇ ਇਸ ਦੀ ਸੂਚਨਾ ਮਟੌਰ ਥਾਣੇ ਵਿਚ ਕੀਤੀ ਗਈ ਸੀ। ਸੁਨੀਲ ਦੀ ਕਾਰ ਮੋਰਿੰਡਾ ਤੋਂ ਮਿਲੀ ਸੀ। ਪਰਿਵਾਰ ਵਲੋਂ ਅੱਜ ਇਥੇ ਲਾਸ਼ ਦੀ ਪਛਾਣ ਕੀਤੀ ਗਈ ਜਿਸ ‘ਤੇ ਸਥਾਨਕ ਪੁਲਿਸ ਨੇ ਲਾਸ਼ ਨੂੰ ਮਟੌਰ ਪੁਲਿਸ ਹਵਾਲੇ ਕਰ ਦਿੱਤਾ ਹੈ।
ਭੋਲੇ ਸ਼ੰਕਰ ਗੋਤਾਖੋਰ ਕਲੱਬ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸੁਨੀਲ ਕੁਮਾਰ ਇਕ ਵਪਾਰੀ ਸੀ ਜੋ 10 ਫਰਵਰੀ ਨੂੰ ਆਪਣੀ ਕਾਰ ਲੈ ਕੇ ਘਰ ਤੋਂ ਨਿਕਲਿਆ ਸੀ ਤੇ ਵਾਪਸ ਨਹੀਂ ਪੁੱਜਿਆ ਸੀ। ਪਰਿਵਾਰ ਵਲੋਂ ਮਟੌਰ ਪੁਲਿਸ ਥਾਣੇ ਵਿਚ ਉਸਦੀ ਲਾਪਤਾ ਸਬੰਧੀ ਸੂਚਨਾ ਦਿੱਤੀ ਗਈ ਸੀ ਤੇ ਕਾਰ ਮੋਰਿੰਡਾ ਵਿਚੋਂ ਬਰਾਮਦ ਹੋਈ ਸੀ। ਸੁਨੀਲ ਦੀ ਲਾਸ਼ ਅੱਜ ਭਾਖੜਾ ਨਹਿਰ ਤੋਂ ਬਰਾਮਦ ਹੋਈ ਹੈ ਜਿਸਦੇ ਹੱਥ ਰੱਸੀ ਨਾਲ ਬੰਨੇ ਹੋਏ ਸਨ ਜਦੋਂਕਿ ਗਲੇ ‘ਤੇ ਟੇਪ ਲੱਗੀ ਹੋਈ ਸੀ। ਲਾਸ਼ ਨੂੰ ਪਟਿਆਲਾ ਦੇ ਆਸ ਪਾਸ ਕਿਸੇ ਇਲਾਕੇ ਵਿਚੋਂ ਨਹਿਰ ‘ਚ ਸੁੱਟਿਆ ਗਿਆ ਸੀ ਜਿਸ ਕਰਕੇ ਲਾਸ਼ ਇਥੋਂ ਹੀ ਬਰਾਮਦ ਹੋਈ ਹੈ। ਲਾਸ਼ ਦੇ ਕਿਸੇ ਵੀ ਹਿੱਸੇ ਵਿਚ ਸੱਟ ਦੇ ਨਿਸ਼ਾਨ ਨਹੀਂ ਸਨ ਤੇ ਉਸਦੀ ਉਂਗਲੀ ਵਿਚ ਸੋਨੇ ਦੀ ਮੁੰਦਰੀ ਸੀ।
Please Share This News By Pressing Whatsapp Button