ਕਿਸਾਨ ਅੰਦੋਲਨ ਵਿੱਚ ਕਿਰਤੀ ਕਿਸਾਨਾਂ ਦੇ ਗੀਤ ਗਾਉਂਦਾ ਲੋਕ ਗਾਇਕ ਸਤਨਾਮ ਪੰਜਾਬੀ
ਪਟਿਆਲਾ 13 ਫਰਵਰੀ ( ਗਗਨ ਦੀਪ ਸਿੰਘ ਦੀਪ )
ਦਿੱਲੀ ਦੀਆਂ ਬਰੂਹਾਂ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਪੂਰੇ ਭਾਰਤ ਦੇ ਵੱਖ ਵੱਖ ਹਿੱਸਿਆਂ ‘ਚੋਂ ਸਮਰਥਨ ਮਿਲ ਰਿਹਾ ਹੈ।
ਇਸ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਨਾਲ ਮਜ਼ਦੂਰ, ਆਡ਼੍ਹਤੀਏ, ਕਲਾਕਾਰ ,ਅਧਿਆਪਕ ,ਛੋਟੇ ਦੁਕਾਨਦਾਰ,ਵਿਦਿਆਰਥੀ,ਸਿੱਖ ਜੱਥੇਬੰਦੀਆਂ,ਬੁੱਧੀਜੀਵੀ, ਵਕੀਲ ,ਕਾਮਰੇਡ ਤੇ ਨਿਆਂ ਪਸੰਦ ਲੋਕ ਇਸ ਸੰਘਰਸ਼ ਦੀ ਹਮਾਇਤ ਕਰ ਰਹੇ ਹਨ ।
ਲਗਭਗ ਸਾਰੇ ਪੰਜਾਬੀ ਕਲਾਕਾਰਾਂ ਨੇ ਇਸ ਅੰਦੋਲਨ ਵਿੱਚ ਨਿੱਠ ਕੇ ਪਰਚਾਰ ਕੀਤਾ ।ਇਸ ਵਾਰ ਪੰਜਾਬ ਦੇ ਬਹੁਤੇ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਨੌਜਵਾਨੀ ਨੂੰ ਹਲੂਣਾ ਦੇ ਕੇ ਆਪਣੀ ਅਣਖ, ਬੀਰਤਾ ਤੇ ਇਤਿਹਾਸ ਨਾਲ ਜੋਡ਼ਿਆ ਹੈ ਜਿਸ ਦਾ ਨਤੀਜਾ ਕਿਸਾਨੀ ਅੰਦੋਲਨ ਵਿਚ ਵੇਖਿਆ ਜਾ ਸਕਦਾ ਹੈ । ਅਸਲ ਵਿੱਚ ਲੋਕ ਕਲਾਕਾਰ ਦੀ ਪਹਿਚਾਣ ਹੀ ਇਹ ਹੁੰਦੀ ਹੈ ਕਿ ਉਹ ਲੋਕਾਂ ਦੇ ਨਾਲ ਸਫ਼ਰ ਕਰਦਾ ਹੈ,ਲੋਕਾਂ ਵਾਂਗ ਸੋਚਦਾ ਤੇ ਲਿਖਦਾ- ਗਾਉਂਦਾ ਹੈ। ਇਨ੍ਹਾਂ ਲੋਕ ਕਲਾਕਾਰਾਂ ਵਿੱਚ ਸਤਨਾਮ ਪੰਜਾਬੀ ਦਾ ਨਾਮ ਵੀ ਵਿਸ਼ੇਸ਼ ਸਥਾਨ ਰੱਖਦਾ ਹੈ।
ਸਤਨਾਮ ਪੰਜਾਬੀ ਦਾ ਜਨਮ ਪਿਤਾ ਸ੍ਰ.ਰਾਜ ਸਿੰਘ ਤੇ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਜਿਲ੍ਹਾ ਸੰਗਰੂਰ ਦੇ ਪਿੰਡ ਚੌਂਦਾ ਵਿਖੇ ਹੋਇਆ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੋਣਹਾਰ ਕਲਾਕਾਰ ਸਤਨਾਮ ਪੰਜਾਬੀ ਅੱਜਕੱਲ੍ਹ ਸੰਗੀਤ ਵਿਭਾਗ ਵਿੱਚ ਡਾ.ਨਵਜੋਤ ਕੌਰ ਕਸੇਲ ਦੀ ਨਿਗਰਾਨੀ ਹੇਠ ਪੀ ਅੇੈੱਚਡੀ ਕਰ ਰਿਹਾ ਹੈ ।
ਸਤਨਾਮ ਪੰਜਾਬੀ ਵੱਲੋਂ ਹਮੇਸ਼ਾਂ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਗੀਤ ਹੀ ਪੇਸ਼ ਕੀਤੇ ਗਏ ਹਨ ਜਿਸ ਵਿੱਚ ਹਸਰਤ,ਅੱਖੀਆਂ ,ਵਾਰ ਸਾਹਿਬਜ਼ਾਦਾ ਅਜੀਤ ਸਿੰਘ ਜੀ,ਕਿੱਥੇ ਗਏ ਮੇਰੇ ਯਾਰ, ਗੱਲ ਉੱਡ ਗਈ, ਬੇਬੇ ਨਾਨਕੀ ਦਾ ਵੀਰਾ ਆਦਿ ਵਿਸ਼ੇਸ਼ ਹਨ।
ਕਿਸਾਨੀ ਅੰਦੋਲਨ ਵਿੱਚ 15 ਸਤੰਬਰ ਤੋਂ ਉਹ ਲਗਾਤਾਰ ਲੋਕ ਗਾਇਕ ਪੰਮੀ ਬਾਈ ਦੀ ਅਗਵਾਈ ਵਿੱਚ ਟੋਲ ਪਲਾਜ਼ਿਆਂ , ਥਰਮਲ ਪਲਾਂਟਾਂ ,ਸਿੰਘੂ ਬਾਡਰ ਤੇ ਟਿੱਕਰੀ ਬਾਡਰ ਵਿਖੇ ਚੱਲ ਰਹੇ ਧਰਨਿਆਂ ਵਿੱਚ ਸ਼ਾਮਲ ਹੁੰਦਾ ਰਿਹਾ ਹੈ।
ਉਸਨੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ 5 ਗੀਤ ਗਾ ਕੇ ਆਪਣਾ ਬਣਦਾ ਫਰਜ਼ ਨਿਭਾਇਆ ਹੈ।
ਇਨ੍ਹਾਂ ਗੀਤਾਂ ਉਸ ਵੱਲੋਂ ਵਿੱਚ ਪਾਕਿਸਤਾਨ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਪ੍ਰੋਫੈਸਰ ਤਾਰਿੱਕ ਗੁੱਜਰ ਦਾ ਲਿਖਿਆ “ਗਾਥਾ ਏ ਪੰਜਾਬ” ਗਾ ਕੇ ਪੰਜਾਬੀਆਂ ਨੂੰ ਸਾਂਝੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ।
ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਲਿਖਿਆ
“ਦਿੱਲੀਏ ਦਿਆਲਾ ਵੇਖ ਦੇਗ ਚ ਉਬਲਦਾ ਨੀਂ”
ਜਦੋਂ ਦਿੱਲੀ ਸਿੰਘੂ ਬਾਰਡਰ ਦੀ ਸਟੇਜ਼ ਤੋਂ ਗਾਇਆ ਤਾਂ ਕਿਸਾਨਾਂ ਨੇ ਭਰਵਾਂ ਅਸ਼ੀਰਵਾਦ ਬਖਸ਼ਿਆ।
ਟਿੱਕਰੀ ਬਾਰਡਰ ਵਿਖੇ ਸਟੇਜ਼ ਤੋਂ ਉਸਨੇ “ਛੇੜੋ ਨਾ ਪੰਜਾਬ ਦੀ ਧਰਤੀ ਦੇ ਜੰਮਿਆਂ ਨੂੰ” ਗਾ ਕੇ ਸਰਕਾਰ ਨੂੰ ਚੇਤਾਵਨੀ ਰੂਪ “ਚ ਵੰਗਾਰਿਆ ਹੈ ।
ਉਸ ਨੂੰ ਰਵਾਇਤੀ ਪਹਿਰਾਵੇ ਅਤੇ ਲੋਕ ਸਾਜ਼ਾਂ ਨਾਲ ਗਾਉਣਾ ਚੰਗਾ ਲੱਗਦਾ ਹੈ ਅਤੇ ਅਖਾੜੇ ਵਿੱਚ ਉਸਦੀ ਪੇਸ਼ਕਾਰੀ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਦਾ ਪ੍ਰਗਟਾਵਾ ਕਰਦੀ ਹੈ ।
ਸਤਨਾਮ ਪੰਜਾਬੀ ਨੇ ਪੰਜਾਬੀ ਫਿਲਮ ਦਾਰਾ ਵਿੱਚ ਬੋਲੀਆਂ ਪਾ ਕੇ ਵੱਡੇ ਪਰਦੇ ਤੇ ਆਪਣੀ ਪਛਾਣ ਕਾਇਮ ਕੀਤੀ। ਹੁਣ ਤੱਕ ਉਹ ਪੰਜਾਬੀ ਦੇ ਪ੍ਰਸਿੱਧ ਸੰਗੀਤਕਾਰਾਂ ਜਿਨ੍ਹਾਂ ਵਿੱਚ ਪੀ.ਅੇੈੱਸ.ਲਾਲੀ, ਕੁਲਜੀਤ ,ਪ੍ਰੀਤ ਸਿੰਘ,ਪੈਵੀ ਧੰਜਲ਼,ਵਿਜੇ ਯਮਲਾ, ਜਿੰਦਾ ਮਿਊਜ਼ਿਕ,ਤੋਚੀ ਬਾਈ,ਇਸ਼ਾਂਤ ਪੰਡਿਤ ਆਦਿ ਦੇ ਸੰਗੀਤ ਵਿੱਚ ਗਾ ਚੁੱਕਾ ਹੈ ।
ਸਤਨਾਮ ਪੰਜਾਬੀ ਦੇ ਲਿਖੇ ਗੀਤ ਯਾਰੀਆਂ, ਇਸ਼ਕ ਦੀ ਮੂਰਤ, ਬੋਲੀਆਂ (ਮੁੰਡਾ ਫਰੀਦਕੋਟੀਆ) ਪੰਮੀ ਬਾਈ ਤੇ ਜੱਗੀ ਯੂ.ਕੇ.ਦੀ ਅਵਾਜ਼ ਵਿੱਚ ਰਿਲੀਜ਼ ਹੋ ਚੁੱਕੇ ਹਨ ।
ਸਤਨਾਮ ਪੰਜਾਬੀ ਲੋਕ ਸੰਗੀਤ ਸ਼੍ਰੇਣੀ ਵਿੱਚ ਰਾਸ਼ਟਰੀ ਪੱਧਰ ਤੇ ਦੋ ਵਾਰ ਗੋਲਡ ਮੈਡਲਿਸਟ ਹੈ ਅਤੇ ਦੋ ਵਾਰ ਅੰਤਰਰਾਸ਼ਟਰੀ ਪੱਧਰ ਤੇ ਟੀਮ ਇੰਡੀਆ ਵੱਲੋਂ ਪੇਸ਼ਕਾਰੀ ਕਰ ਚੁੱਕਿਆ ਹੈ।ਪਿਛਲੇ ਸਾਲ ਪੰਮੀ ਬਾਈ ਨਾਲ ਆਸਟਰੇਲੀਆ ਵਿਖੇ ਸਿਡਨੀ ਵਿਸਾਖੀ ਮੇਲੇ ਵਿੱਚ ਪੇਸ਼ਕਾਰੀ ਕਰ ਚੁੱਕਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਤਨਾਮ ਪੰਜਾਬੀ ਨੂੰ ਅੰਤਰਰਾਸ਼ਟਰੀ ਪੱਧਰੀ ਪ੍ਰਾਪਤੀਆਂ ਤੇ ਸਰਗਰਮੀਆਂ ਕਰਕੇ “ਯੂਨੀਵਰਸਿਟੀ ਕਲਰ”ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਤਨਾਮ ਪੰਜਾਬੀ ਵੱਖ ਵੱਖ ਯੂਨੀਵਰਸਿਟੀਆਂ ਵੱਲੋਂ ਆਯੋਜਿਤ ਸੰਗੀਤ ਮੁਕਾਬਲਿਆਂ ਵਿੱਚ ਬਤੋਰ ਜੱਜ ਵੀ ਸ਼ਾਮਿਲ ਹੋ ਰਿਹਾ ਹੈ।
ਸਤਨਾਮ ਪੰਜਾਬੀ ਆਪਣਾ ਉਸਤਾਦ ਪੀ ਅੇੈੱਸ ਲਾਲੀ ਨੂੰ ਤੇ ਪੰਮੀ ਬਾਈ ਨੂੰ ਆਦਰਸ਼ ਮੰਨਦਾ ਹੈ। ਹੁਣ ਉਹ ਕੁਲਵੰਤ ਮਾਨ ਦਾ ਲਿਖਿਆ ਗੀਤ “ਸਾਲ ਗੁਜ਼ਰਗੇ” ਲੈ ਕੇ ਹਾਜ਼ਰ ਹੈ।
ਪੱਤਰਕਾਰ ਗਗਨ ਦੀਪ ਸਿੰਘ
( ਦੀਪ ਪਨੈਚ ) ਪਟਿਆਲਾ
( ਦੀਪ ਪਨੈਚ ) ਪਟਿਆਲਾ
Attachments area
Please Share This News By Pressing Whatsapp Button