ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਨਗਰ ਕੌਂਸਲ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਨੇਪਰੇ ਚੜ੍ਹਿਆ
ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ (ਪਟਿਆਲਾ) 14 ਫਰਵਰੀ:
ਪਟਿਆਲਾ ਜ਼ਿਲ੍ਹੇ ‘ਚ ਨਗਰ ਕੌਂਸਲਾਂ ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਦੀਆਂ ਆਮ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਅੱਜ ਨੇਪਰੇ ਚੜ੍ਹ ਗਿਆ। ਇਨ੍ਹਾਂ ਵੋਟਾਂ ਲਈ ਸਥਾਨਕ ਵੋਟਰਾਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਜ਼ਿਲ੍ਹੇ ਅੰਦਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੌਰਾਨ 70.09 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਨਾਭਾ ਦਾ ਦੌਰਾ ਕਰਕੇ ਸਰਕਾਰੀ ਰਿਪੁਦਮਨ ਕਾਲਜ ‘ਚ ਵੋਟਾਂ ਪੁਆਏ ਜਾਣ ਦੀ ਪ੍ਰਕ੍ਰਿਆ ਦਾ ਜਾਇਜ਼ਾ ਲਿਆ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਵੋਟਾਂ ਈ.ਵੀ.ਐਮਜ ਰਾਹੀਂ ਪੁਆਈਆਂ ਗਈਆਂ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਨਿਰਪੱਖਤਾ ਅਤੇ ਨਿਰਵਿਘਨ ਢੰਗ ਨਾਲ ਵੋਟਾਂ ਪੁਆਉਣ ਲਈ ਚੋਣ ਅਮਲੇ ਅਤੇ ਇਸ ਚੋਣ ਪ੍ਰਕ੍ਰਿਆ ਨੂੰ ਸਫ਼ਲਤਾ ਪੂਰਵਕ ਪੂਰਨ ਕਰਨ ਲਈ ਸਹਿਯੋਗ ਦੇਣ ਵਾਸਤੇ ਵੋਟਰਾਂ ਦਾ ਧੰਨਵਾਦ ਕੀਤਾ। ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਵੀ ਉਤਸ਼ਾਹ ਨਾਲ ਵੋਟਾਂ ਪਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ।
ਸ੍ਰੀ ਕੁਮਾਰ ਅਮਿਤ ਨੇ ਦਸਿਆ ਕਿ ਨਗਰ ਕੌਂਸਲ ਰਾਜਪੁਰਾ ਦੇ 31 ਵਾਰਡਾਂ ਵਿੱਚ ਕੁਲ 80416 ਵੋਟਰ ਹਨ, ਇੱਥੇ 64.15 ਫੀਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ। ਨਗਰ ਕੌਂਸਲ ਨਾਭਾ ਦੀਆਂ 23 ਵਾਰਡਾਂ ‘ਚ ਕੁਲ 50095 ਵੋਟਰ ਹਨ ਅਤੇ ਇਨ੍ਹਾਂ ‘ਚੋਂ 70.48 ਫ਼ੀਸਦੀ ਵੋਟਰਾਂ ਨੇ ਆਪਣੇ ਲੋਕਤੰਤਰੀ ਹੱਕ ਦਾ ਇਸਤੇਮਾਲ ਕੀਤਾ। ਜਦੋਂਕਿ ਨਗਰ ਕੌਂਸਲ ਸਮਾਣਾ ਦੀਆਂ 21 ਵਾਰਡਾਂ ‘ਚ ਕੁਲ 44388 ਵੋਟਰ ਹਨ, ਜਿਨ੍ਹਾਂ ‘ਚੋਂ 67 ਫ਼ੀਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਦਾ ਭੁਗਤਾਨ ਕੀਤਾ। ਇਸੇ ਤਰ੍ਹਾਂ ਨਗਰ ਕੌਂਸਲ ਪਾਤੜਾਂ ਦੇ ਕੁਲ 17 ਵਾਰਡਾਂ ‘ਚ ਕੁਲ 23013 ਵੋਟਰਾਂ ਵਿੱਚੋਂ 78.73 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਅਤੇ ਵੋਟਰਾਂ ਦੀ ਥਰਮਲ ਸਕੈਨਿੰਗ, ਸੈਨੇਟਾਈਜਰ, ਮਾਸਕਾਂ ਆਦਿ ਦੇ ਪੂਰੇ ਇੰਤਜਾਮ ਕੀਤੇ ਗਏ ਸਨ।
ਰਾਜਪੁਰਾ ਨਗਰ ਕੌਂਸਲ ਚੋਣਾਂ ਲਈ ਰਿਟਰਨਿੰਗ ਅਧਿਕਾਰੀ ਤੇ ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਨਗਰ ਕੌਂਸਲ ਨਾਭਾ ਲਈ ਰਿਟਰਨਿੰਗ ਅਧਿਕਾਰੀ ਤੇ ਐਸ.ਡੀ.ਐਮ. ਕਾਲਾ ਰਾਮ ਕਾਂਸਲ, ਨਗਰ ਕੌਂਸਲ ਸਮਾਣਾ ਲਈ ਰਿਟਰਨਿੰਗ ਅਧਿਕਾਰੀ ਤੇ ਐਸ.ਡੀ.ਐਮ. ਨਮਨ ਮੜਕਨ ਅਤੇ ਨਗਰ ਕੌਂਸਲ ਪਾਤੜਾਂ ਲਈ ਰਿਟਰਨਿੰਗ ਅਧਿਕਾਰੀ ਤੇ ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਨਿਤੀਸ਼ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਲਈ ਵੋਟਾਂ ਪੁਆਉਣ ਦਾ ਕੰਮ ਨਿਰਵਿਘਨਤਾ ਨਾਲ ਸੰਪੂਰਨ ਹੋ ਗਿਆ।
ਵੋਟਾਂ ਦੌਰਾਨ ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਡਾ. ਸਿਮਰਤ ਕੌਰ, ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਤੋਂ ਇਲਾਵਾ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਵੱਖ-ਵੱਖ ਨਗਰ ਕੌਂਸਲਾਂ ਲਈ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ
Please Share This News By Pressing Whatsapp Button