
ਖਾਸ ਹੈ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਦੀ ‘ਮਾਘ ਪੰਚਮੀ’,ਦੂਰ ਦੁਰਾਡੇ ਤੋਂ ਸੰਗਤ ਪੁੱਜਣੀ ਸ਼ੁਰੂ, ਮੰਗਲਵਾਰ ਹੋਵੇਗਾ ਬਸੰਤ ਰਾਗ ਕੀਰਤਨ
ਪਟਿਆਲਾ, 15 ਫਰਵਰੀ (ਰੁਪਿੰਦਰ ਸਿੰਘ) : ਬਸੰਤ ਰੁੱਤ ਜਿਥੇ ਹਰ ਵਿਅਕਤੀ ਦੀ ਜਿੰਦਗੀ ਵਿਚ ਖਾਸ ਅਹਿਮੀਅਤ ਰੱਖਦੀ ਹੈ, ਉਥੇ ਹੀ ਪਟਿਆਲਾ ਸਥਿਤ ਗੁਰਦੁਆਰਾ ਸ਼੍ਰੀ ਦੁਖਨਿਵਾਰਣ ਸਾਹਿਬ ਦਾ ਸਲਾਨਾ ਜੋੜ ਮੇਲ ਪ੍ਰਤੀ ਵੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੁੰਦਾ ਹੈ। ਬਸੰਤ ਪੰਚਮੀ ਦੇ ਖਾਸ ਮੌਕੇ ‘ਤੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਦੁਖਨਿਵਾਰਣ ਸਾਹਿਬ ਵਿਖੇ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸੋਮਵਾਰ ਤੋਂ ਹੀ ਦੂਰ ਦੁਰਾਡੇ ਤੋਂ ਸੰਗਤਾਂ ਦਾ ਪੁੱਜਣਾ ਸ਼ੁਰੂ ਹੋ ਚੁੱਕਿਆ ਹੈ ਤੇ ਮੰਗਲਵਾਰ ਰਾਤ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਬਸੰਤ ਰਾਗ ਕੀਰਤਨ ਸਮਾਗਮ ਕਰਵਾਏ ਜਾਣਗੇ।
ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਦੱਸਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਅ ਪ੍ਰਾਪਤ ਇਸ ਜਗ੍ਹਾ ਨੂੰ ਖਾਸ ਵਰਦਾਨ ਹੈ। ਮਾਘ ਦੀ ਪੰਚਮੀ ਮੌਕੇ ਗੁਰੂ ਸਾਹਿਬ ਇਥੇ ਪੁੱਜੇ ਸਨ, ਜਿਨ੍ਹਾਂ ਨੇ ਬਸੰਤ ਪੰਚਮੀ ਮੌਕੇ ਇਸ ਅਸਥਾਨ ‘ਤੇ ਨਤਮਸਤਕ ਹੋਣ ਵਾਲੇ ਨੂੰ 68 ਤੀਰਥ ਅਸਥਾਨਾਂ ਦਾ ਫਲ ਹਾਸਲ ਹੋਣ ਦਾ ਵਚਨ ਕੀਤਾ ਸੀ।
ਗੁਰਦੁਆਰਾ ਸ਼੍ਰੀ ਦੁਖਨਿਵਾਰਣ ਸਾਹਿਬ ਵਿਖੇ 16 ਫਰਵਰੀ ਨੂੰ ਬਸੰਤ ਰਾਗ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਸ਼ਾਮ ਪੰਜ ਵਜੇ ਭਾਈ ਤਜਿੰਦਰ ਪਾਲ ਸਿੰਘ ਵਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 6 ਵਜੇ ਪਾਠ ਸ਼੍ਰੀ ਰਹਿਰਾਸ ਸਾਹਿਬ, ਉਪਰੰਤ ਭਾਈ ਜਸਵਿੰਦਰ ਸਿੰਘ, ਭਾਈ ਪ੍ਰਦੀਪ ਸਿੰਘ, ਬੀਬੀ ਰਵਿੰਦਰ ਕੌਰ ਪਟਿਆਲੇ ਵਾਲੇ, ਡਾ. ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਵਾਲੇ, ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਜਸਵਿੰਦਰ ਸਿੰਘ ਤੇ ਭਾਈ ਹਰਪਿੰਦਰ ਸਿੰਘ ਵਲੋਂ ਕੀਰਤਨ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਅਗਜੈਕਟਿਵ ਮੈਂਬਰ ਸਤਿੰਦਰ ਸਿੰਘ ਟੋਹੜਾ, ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ, ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਸਮੇਤ ਸੰਤ ਮਹਾਂ ਪੁਰਸ਼ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੌਜੂਦ ਰਹਿਣਗੇ। ਗੁਰਦੁਆਰਾ ਸ਼੍ਰੀ ਦੁਖਨਿਵਾਰਣ ਸਾਹਿਬ ਵਿਖੇ ਆਉਣ ਵਾਲੀ ਸੰਗਤਾਂ ਲਈ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਬਰੈਡ ਪਕੌੜਿਆਂ, ਜਲੇਬੀਆਂ, ਖੀਰ ਤੇ ਪੀਲੇ ਚੌਲਾਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਵੰਨ ਸੁਵੰਨੇ ਫੁੱਲਾਂ ਨਾਲ ਸਜਿਆ ਗੁਰਦੁਆਰਾ ਸਾਹਿਬ
ਗੁਰਦੁਆਰਾ ਦੁਖਨਿਵਾਰਣ ਸਾਹਿਬ ਦੇ ਦਰਬਾਰ ਨੂੰ ਵੰਨ ਸੁਵੰਨੇ ਫੁੱਲਾਂ ਨਾਲ ਸਜਾਇਆ ਗਿਆ ਹੈ। ਲਿੱਲੀ, ਆਰਕਿਡ, ਗੁਲਦੌਦੀ, ਗੈਂਦਾ, ਹਰਬਲ ਗੁਲਦੌਤੀ, ਜੂਸੀ ਫੁੱਲ ਤੇ ਗੁਲਾਬ ਵਰਗੀਆਂ ਵੱਖ-ਵੱਖ ਕਿਸਮਾਂ ਦੇ ਫੁੱਲਾਂ ਨਾਲ ਦਰਬਾਰ ਸਾਹਿਬ ਦੀ ਸੁੰਦਰ ਸਜਾਵਟ ਕੀਤੀ ਗਈ ਹੈ। ਫੁੱਲ ਸਜਾਵਟ ਦੀ ਸੇਵਾ ਪਟਿਆਲਾ ਤੇ ਆਸ ਪਾਸ ਦੀ ਸੰਗਤ ਵਲੋਂ ਹੀ ਕੀਤੀ ਗਈ ਹੈ।
1672 ‘ਚ ਪੁੱਜੇ ਸਨ ਸ਼੍ਰੀ ਗੁਰੂ ਤੇਗ ਬਹਾਦਰ
ਹਿੰਦ ਦੀ ਚਾਦਰ ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ 24 ਜਨਵਰੀ 1672 ਨੂੰ ਪਟਿਆਲਾ ਦੇ ਲਹਿਲ ਇਲਾਕੇ ਵਿਚ ਪੁੱਜੇ ਤੇ ਇਥੇ ਤਲਾਬ ਕੋਲ ਲੱਗੇ ਦਰਖਤ ਕੋਲ ਬੈਠੇ। ਗੁਰੂ ਸਾਹਿਬ ਦੇ ਚਰਨ ਪੈਂਦਿਆਂ ਇਲਾਕੇ ਦੇ ਲੋਕਾਂ ਦੇ ਰੋਗ ਘੱਟ ਗਏ। ਗੁਰੂ ਸਾਹਿਬ ਜਿਸ ਜਗ੍ਹਾ ‘ਤੇ ਬੈਠੇ ਉਸਨੂੰ ਦੁਖ ਨਿਵਾਰਨ ਵਜੋਂ ਜਾਣਿਆਂ ਜਾਣ ਲੱਗਿਆ। ਸੰਗਤਾਂ ਨੇ ਅਸਥਾਨ ਨਾਲ ਜੁੜੇ ਸਰੋਵਰ ਦੇ ਪਾਣੀ ਦੀ ਸ਼ੁੱਧਤਾ ਵਿਚ ਵਿਸ਼ਵਾਸ਼ ਰੱਖਿਆ। ਪਟਿਆਲਾ ਦੇ ਰਾਜਾ ਅਮਰ ਸਿੰਘ ਨੇ ਇਕ ਯਾਦਗਾਰ ਵਜੋਂ ਇਸ ਜਗ੍ਹਾ ‘ਤੇ ਇਕ ਬਾਗ ਸਥਾਪਤ ਕਰਵਾ ਕੇ ਨਿਹੰਗ ਸਿੰਘਾਂ ਨੂੰ ਸੌਂਪ ਦਿੱਤਾ। 1930 ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਇਕ ਕਮੇਟੀ ਬਣਾਈ ਗਈ ਤੇ 12 ਸਾਲਾਂ ਬਾਅਦ 1942 ਵਿਚ ਉਸਾਰੀ ਮੁਕੰਮਲ ਹੋਈ। ਉਸ ਸਮੇਂ ਮਹਾਰਾਜਾ ਯਾਦਵਿੰਦਰ ਸਿੰਘ ਵਲੋਂ ਇਮਾਰਤ ਤੇ ਸਰੋਵਰ ਦੀ ਨਿਰਮਾਣ ਕਰਵਾਇਆ ਗਿਆ।
Please Share This News By Pressing Whatsapp Button