
ਮੁੱਖ ਮੰਤਰੀ ਵੱਲੋਂ ਚੜ੍ਹਦੀਕਲਾ ਟਾਈਮ ਟੀ.ਵੀ. ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਦੇ ਛੋਟੇ ਪੁੱਤਰ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਪਟਿਆਲਾ, 16 ਫਰਵਰੀ ਗਗਨ ਦੀਪ ਸਿੰਘ ਦੀਪ
ਚੜ੍ਹਦੀਕਲਾ ਟਾਈਮ ਟੀ.ਵੀ. ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਨੂੰ ਛੋਟੇ ਪੁੱਤਰ ਸਤਬੀਰ ਸਿੰਘ ਦਰਦੀ ਦੀ ਬੇਵਕਤੀ ਮੌਤ ਹੋ ਜਾਣ ‘ਤੇ ਡੂੰਘਾ ਸਦਮਾ ਪਹੁੰਚਿਆ ਹੈ। ਸਤਬੀਰ ਸਿੰਘ ਦਰਦੀ 42 ਵਰ੍ਹਿਆਂ ਦੇ ਸਨ ਜੋ ਅੱਜ ਸਵੇਰੇ ਦਿਲ ਦਾ ਅਚਨਚੇਤ ਦੌਰਾ ਪੈਣ ਕਾਰਨ ਚੱਲ ਵਸੇ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ।
ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਗਜੀਤ ਸਿੰਘ ਦਰਦੀ ਨਾਲ ਪੁੱਤਰ ਦੀ ਮੌਤ ਹੋ ਜਾਣ ‘ਤੇ ਦੁੱਖ ਸਾਂਝਾ ਕੀਤਾ ਜੋ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਵੀ ਸਨ।
ਸਦਮੇ ਵਿੱਚ ਡੁੱਬੇ ਪਰਿਵਾਰਕ ਮੈਂਬਰਾਂ ਅਤੇ ਸਾਕ-ਸਨੇਹੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਦੁੱਖ ਦੀ ਇਸ ਘੜੀ ਵਿੱਚ ਇਹ ਅਸਹਿ ਅਤੇ ਅਕਹਿ ਘਾਟਾ ਸਹਿਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।
ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਸੋਗ ਦੀ ਇਸ ਘੜੀ ਵਿੱਚ ਜਗਜੀਤ ਸਿੰਘ ਦਰਦੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁੱਤਰ ਦਾ ਵਿਛੋੜਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਸਦਮਾ ਹੈ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ।
ਐਨ.ਸੀ.ਸੀ. ਟਰੇਨਿੰਗ ਕੈਂਪ ਦੇ ਦੂਸਰੇ ਦਿਨ ਕੈਡਿਟਾਂ ਨੂੰ ਦਿੱਤੀ ਹਥਿਆਰਾਂ ਦੀ ਜਾਣਕਾਰੀ
ਪਟਿਆਲਾ, 16 ਫਰਵਰੀ: ਗਗਨ ਦੀਪ ਸਿੰਘ ਦੀਪ
ਪਟਿਆਲਾ ਏਵੀਏਸ਼ਨ ਕਲੱਬ ਵਿਖੇ ਥਰਡ ਪੰਜਾਬ ਐਨ.ਸੀ.ਸੀ. ਏਅਰ ਵਿੰਗ ਟਰੇਨਿੰਗ ਕੈਂਪ ਦੇ ਅੱਜ ਦੂਸਰੇ ਦਿਨ ਕੈਡਿਟਾਂ ਨੂੰ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਬੀ ਅਤੇ ਸੀ ਇਮਤਿਹਾਨ ਦੀ ਤਿਆਰੀ ਸਬੰਧੀ ਦੱਸਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਹੈਡਕੁਆਟਰ ਦੇ ਟਰੇਨਿੰਗ ਅਫ਼ਸਰ ਕਰਨਲ ਏ.ਕੇ ਗਰੇਵਾਲ ਨੇ ਕੈਡਿਟਾਂ ਦੇ ਰੂਬਰੂ ਹੁੰਦਿਆ ਕਿਹਾ ਕਿ ਇਸ ਟਰੇਨਿੰਗ ਕੈਂਪ ਦਾ ਮੁੱਖ ਮਕਸਦ ਕੈਡਿਟਾਂ ‘ਚ ਅਨੁਸ਼ਾਸਨ ਅਤੇ ਏਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੈਡਿਟ ਭਾਰਤੀ ਫ਼ੌਜ ਦਾ ਭਵਿੱਖ ਹਨ ਅਤੇ ਜਿਨ੍ਹਾਂ ਚੰਗੀ ਤਰ੍ਹਾਂ ਇਨ੍ਹਾਂ ਨੂੰ ਤਰਾਸ਼ਿਆ ਜਾਵੇਗਾ, ਉਨ੍ਹਾਂ ਹੀ ਭਾਰਤੀ ਫ਼ੌਜ ਦਾ ਭਵਿੱਖ ਵਧੀਆਂ ਹੋਵੇਗਾ।
ਉਨ੍ਹਾਂ ਕਿਹਾ ਕਿ ਟਰੇਨਿੰਗ ਦੌਰਾਨ ਕੈਡਿਟਾਂ ਨੂੰ ਮਾਹਰ ਟਰੇਨਰਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਸਦਕਾ ਉਹ ਐਨ.ਸੀ.ਸੀ. ਦਾ ਹਿੱਸਾ ਬਣਾਕੇ ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਚੱਲਣ ਵਾਲੇ ਇਸ ਟਰੇਨਿੰਗ ਕੈਂਪ ਦੌਰਾਨ ਕੈਡਿਟਜ਼ ਨੂੰ ਫਲਾਇੰਗ, ਡਰਿੱਲ ਅਤੇ ਹਥਿਆਰਾਂ ਸਬੰਧੀ ਟਰੇਨਿੰਗ ਦੇਣ ਸਮੇਤ ਕੈਡਿਟਜ਼ ਨੂੰ ਬੀ ਅਤੇ ਸੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ ਅਤੇ ਕੈਂਪ ‘ਚ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਵੀ ਕੀਤੀ ਜਾ ਰਹੀ ਹੈ।
Please Share This News By Pressing Whatsapp Button