
ਬਸੰਤ ਪੰਚਮੀ ਦੇ ਸਲਾਨਾ ਜੋੜ ਮੇਲ ਮੌਕੇ ਸੰਗਤ ਵੱਡੀ ਗਿਣਤੀ ‘ਚ ਨਤਮਸਤਕ
– ਸੰਗਤਾਂ ਨੇ ਪੰਗਤ-ਸੰਗਤ ਕਰਕੇ ਗੁਰਬਾਣੀ ਦਾ ਮਾਣਿਆ ਆਨੰਦ
ਪਟਿਆਲਾ 16 ਫਰਵਰੀ (ਰੁਪਿੰਦਰ ਸਿੰਘ) : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦਾ ਸਾਲਾਨਾ ਜੋੜ ਮੇਲ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਗੁਰੂ ਘਰ ਨਤਸਮਤਕ ਹੋਈਆਂ। ਇਸ ਮੌਕੇ ਸੰਗਤਾਂ ਨੇ ਪਵਿੱਤਰ ਸਰੋਵਰ ‘ਚ ਸੰਗਤਾਂ ਨੇ ਆਸਥਾ ਨਾਲ ਇਸ਼ਨਾਨ ਕੀਤਾ ਅਤੇ ਪੰਗਤ-ਸੰਗਤ ਕਰਕੇ ਹਜ਼ੂਰੀ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਕਥਾ ਦਾ ਆਨੰਦ ਮਾਣਿਆ। ਤੜਕ ਸਵੇਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਸਪਿੰਦਰ ਸਿੰਘ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਅਤੇ ਗਿਆਨੀ ਪ੍ਰਿਤਪਾਲ ਸਿੰਘ ਨੇ ਕਥਾ ਪ੍ਰਵਾਹ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਇਸ ਮੌਕੇ ਹਜ਼ੂਰੀ ਰਾਗੀ ਭਾਈ ਰਾਜਬੀਰ ਸਿੰਘ ਅਤੇ ਭਾਈ ਇੰਦਰਪ੍ਰੀਤ ਸਿੰਘ ਨੇ ਵੀ ਗੁਰਬਾਣੀ ਦਾ ਨਿਰੰਤਰ ਪ੍ਰਵਾਹ ਚਲਾਇਆ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸਲਾਨਾ ਬਸੰਤ ਪੰਚਮੀ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਸੰਤ ਪੰਚਮੀ ਦੀ ਵਧਾਈ ਦਿੰਦਿਆਂ ਇਤਿਹਾਸ ਦੀ ਰੌਸ਼ਨੀ ‘ਚ ਸੰਗਤਾਂ ਨੂੰ ਜਾਣੂੰ ਕਰਵਾਇਆ ਕਿ ਬਸੰਤ ਰੁੱਤ ਪ੍ਰਮਾਤਮਾ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਸਮਰੱਥ ਹਨ, ਜੋ ਹਮੇਸ਼ਾ ਸਾਡੀ ਅਗਵਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ‘ਚ ਬਸੰਤ ਪੰਚਮੀ ਦੀ ਵੱਡੀ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਬਸੰਤ ਭਾਵੇਂ ਬਦਲਦੇ ਮੌਸਮ ਦਾ ਪ੍ਰਤੀਕ ਹੈ, ਪਰ ਮਨੁੱਖ ਨੂੰ ਵੀ ਸਵੈ ਪੜਚੋਲ ਕਰਦੇ ਹੋਏ ਆਪਣੀ ਮਨੁੱਖੀ ਜੀਵਨ ਜਾਂਚ ਤੇ ਆਚਾਰ ਵਿਹਾਰ ‘ਚ ਵੀ ਬਦਲਾਅ ਲਿਆਉਣਾ ਚਾਹੀਦਾ ਹੈ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਐਡੀਸ਼ਨਲ ਸਕੱਤਰ ਪਰਮਜੀਤ ਸਿੰਘ ਸਰੋਆ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇ. ਕਰਨੈਲ ਸਿੰਘ, ਅਮਰਪਾਲ ਸਿੰਘ, ਮੀਤ ਮੈਨੇ. ਇੰਦਰਜੀਤ ਸਿੰਘ, ਪ੍ਰਚਾਰਕ ਬਲਦੇਵ ਸਿੰਘ ਓਗਰਾ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ ਬਰਾੜਾ, ਲਖਵਿੰਦਰ ਸਿੰਘ ਅਜਰੌਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਸਟਾਫ ਵੀ ਹਾਜ਼ਰ ਰਿਹਾ। ਬਸੰਤ ਪੰਚਮੀ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਢਾਡੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਭਾਈ ਲਖਵਿੰਦਰ ਸਿੰਘ ਢਾਡੀ ਜੱਥਾ, ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਸੀਤਲ ਸਿੰਘ ਮਿਸ਼ਰਾ ਢਾਡੀ ਜੱਥਾ, ਭਾਈ ਸਤਪਾਲ ਸਿੰਘ ਐਮ ਏ, ਕਵੀਸ਼ਰ ਭਾਈ ਜੀਵਨ ਸਿੰਘ ਘਰਾਚੋਂ ਨੇ ਸੰਗਤਾਂ ‘ਚ ਧਰਮ ਪ੍ਰਤੀ ਦ੍ਰਿੜਤਾ ਪੈਦਾ ਕਰਨ ਵਾਲਾ ਇਤਿਹਾਸ ਸੁਣਾਇਆ।
(ਡੱਬੀ)
ਕਵੀ ਦਰਬਾਰ ‘ਚ ਕਵੀਆਂ ਨੇ ਸੁਣਾਇਆ ਕੌਮ ਦਾ ਸ਼ਾਨਾਮੱਤਾ ਇਤਿਹਾਸ
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਕਵੀ ਪਾਈ ਅਵਤਾਰ ਸਿੰਘ ਤਾਰੀ, ਕਵੀ ਭਾਈ ਕੁਲਦੀਪ ਸਿੰਘ ਬਰਾਗਰੇ, ਕਵੀ ਅਜੀਤ ਸਿੰਘ ਰਤਨ, ਕਵੀ ਭਾਈ ਬਲਬੀਰ ਸਿੰਘ ਬੱਲ, ਕਵੀ ਭਾਈ ਹਰਨੇਕ ਸਿੰਘ ਬਡਾਲੀ, ਕਵੀ ਭਾਈ ਹਰਮਿੰਦਰਪਾਲ ਸਿੰਘ ਦਿਲਖੁਸ਼, ਕਵੀ ਭਾਈ ਬਲਵੀਰ ਸਿੰਘ ਕੋਮਲ, ਕਵੀ ਬੀਬੀ ਮਨਜੀਤ ਸਿੰਘ ਪਹੁੰਵਿੰਡ, ਕਵੀ ਭਾਈ ਚੈਨ ਸਿੰਘ ਚੱਕਰਵਰਤੀ (ਦਸੂਹਾ) ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਦਸਮੇਸ਼ ਪਿਤਾ ਅਤੇ ਗੁਰੂ ਸਾਹਿਬਾਨ ਦੀ ਉਸਤਤ ‘ਚ ਕਾਵਿ ਰਚਨਾ ਰਾਹੀਂ ਕੌਮ ਦੇ ਸ਼ਾਨਾਮੱਤਾ ਇਤਿਹਾਸ ‘ਤੇ ਚਾਨਣਾ ਪਾਇਆ।
Please Share This News By Pressing Whatsapp Button