ਸ਼ਾਂਤੀਪੂਰਨ ਹੋਈ ਪਾਤੜਾਂ ਵਿੱਚ ਮੁੜ ਪੋਲਿੰਗ

ਪਾਤੜਾਂ 16 ਫ਼ਰਵਰੀ ( ਰਮਨ ਜੋਸ਼ੀ):
ਸੂਬੇ ਵਿੱਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ ਅੱਠ ਦੇ ਬੂਥ ਨੰਬਰ ਗਿਆਰਾਂ ਦੀ ਈਵੀਐਮ ਮਸ਼ੀਨ ਦੇ ਕੰਟਰੋਲਰ ਨੂੰ ਇੱਕ ਆਜ਼ਾਦ ਉਮੀਦਵਾਰ ਦੇ ਸਮਰਥਕ ਵੱਲੋਂ ਚੁੱਕ ਲਏ ਜਾਣ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ ਚੋਣ ਕਮਿਸ਼ਨ ਵੱਲੋਂ ਮੁੜ ਪੋਲਿੰਗ ਕਰਵਾਉਣ ਦੇ ਫ਼ੈਸਲੇ ਤਹਿਤ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪੋਲਿੰਗ ਦਾ ਕੰਮ ਸ਼ਾਂਤੀਪੂਰਵਕ ਸੰਪੰਨ ਹੋ ਗਿਆ ਹੈ । ਇਸ ਦੌਰਾਨ ਏਡੀਸੀ ਪਟਿਆਲਾ ਪੂਜਾ ਸਿਆਲ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਐੱਸਪੀ ਵਰੁਣ ਸ਼ਰਮਾ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਡਟੇ ਉਮੀਦਵਾਰ ਪ੍ਰਸ਼ੋਤਮ ਸਿੰਗਲਾ ਨੇ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਦਿਆਂ ਕਾਂਗਰਸ ਉਤੇ ਲੋਕਤੰਤਰ ਦਾ ਘਾਣ ਕਰਨ ਦੇ ਦੋਸ਼ ਲਗਾਏ ਹਨ ਜਿਨ੍ਹਾਂ ਦਾ ਸੱਤਾਧਾਰੀ ਧਿਰ ਨੇ ਖੰਡਨ ਕੀਤਾ ਹੈ। ਸ਼ਹਿਰ ਦੇ ਸਤਾਰਾਂ ਵਾਰਡਾਂ ਲਈ ਵੋਟਾਂ ਦਾ ਅਮਲ ਮੁਕੰਮਲ ਹੋਣ ਮਗਰੋਂ ਹੁਣ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਅੈਲਾਨੇ ਜਾਣ ਵਾਲੇ ਨਤੀਜਿਆਂ ਉੱਤੇ ਟਿੱਕ ਗਈਆਂ ਹਨ।
ਵਾਰਡ ਨੰਬਰ ਅੱਠ ਤੋਂ ਕਾਂਗਰਸੀ ਉਮੀਦਵਾਰ ਪ੍ਰੇਮ ਚੰਦ ਗੁਪਤਾ ਦੇ ਸਮਰਥਕਾਂ ਤੇ ਬੂਥ ਉੱਤੇ ਕਬਜ਼ਾ ਕਰਨ ਦੇ ਦੋਸ਼ ਲਗਾਉਣ ਮਗਰੋਂ ਆਜ਼ਾਦ ਉਮੀਦਵਾਰ ਪ੍ਰਸ਼ੋਤਮ ਸਿੰਗਲਾ ਦੇ ਸਮਰਥਕ ਵੱਲੋਂ ਈਵੀਐਮ ਮਸ਼ੀਨ ਦਾ ਕੰਟਰੋਲਰ ਚੁੱਕ ਲਏ ਜਾਣ ਦੇ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਬੂਥ ਨੰਬਰ ਗਿਆਰਾਂ ਦੀ ਚੋਣ ਰੱਦ ਕਰਕੇ ਮੁੜ ਪੋਲਿੰਗ ਕਰਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਅੱਜ ਜਿਉਂ ਹੀ ਪੋਲਿੰਗ ਸ਼ੁਰੂ ਹੋਈ ਤਾਂ ਵੋਟਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ ਪਰ ਆਜ਼ਾਦ ੳੁਮੀਦਵਾਰ ਪ੍ਰਸ਼ੋਤਮ ਸਿੰਗਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਚੋਣ ਦਾ ਬਾਈਕਾਟ ਕਰਨ ਦਾ ਕਾਰਨ ਕਾਂਗਰਸ ਵੱਲੋਂ ਲੋਕਤੰਤਰ ਦਾ ਘਾਂਣ ਦੱਸਿਆ ਅਤੇ ਸਪੱਸ਼ਟ ਕੀਤਾ ਕਿ ਕਾਂਗਰਸ ਦੀ ਸ਼ਹਿ ਉਤੇ ਪੁਲਸ ਪ੍ਰਸ਼ਾਸਨ ਨੇ ਬੀਤੀ ਰਾਤ ਉਨ੍ਹਾਂ ਦੇ ਤਿੰਨ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਦਹਿਸ਼ਤ ਕਾਰਨ ਤਿੰਨ ਦਰਜਨ ਦੇ ਕਰੀਬ ਹੋਰ ਸਮਰਥਕ ਰੂਪੋਸ਼ ਹਨ ਜਿਸ ਕਰਕੇ ਉਨ੍ਹਾਂ ਪੋਲਿੰਗ ਵਿਚ ਹਿੱਸਾ ਨਹੀਂ ਲਿਆ। ਕਾਂਗਰਸੀ ਉਮੀਦਵਾਰ ਪ੍ਰੇਮ ਚੰਦ ਗੁਪਤਾ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੋਲਿੰਗ ਵਾਲੇ ਦਿਨ ਪ੍ਰਸ਼ੋਤਮ ਸਿੰਗਲਾ ਦੇ ਸਮਰਥਕਾਂ ਨੇ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਈਵੀਐਮ ਮਸ਼ੀਨ ਦਾ ਕੰਟਰੋਲਰ ਚੁੱਕਕੇ ਚੋਣ ਵਿਚ ਵਿਘਨ ਪਾਇਆ ਜਿਸ ਸਬੰਧੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ । ਉਹ ਹਾਰ ਸਾਹਮਣੇ ਦੇਖ ਕੇ ਬੁਖਲਾ ਗਿਆ ਅਤੇ ਝੂਠੀ ਦੂਸ਼ਣਬਾਜ਼ੀ ਕਰ ਰਿਹਾ ਹੈ ।
ਐੱਸਡੀਐੱਮ ਪਾਤੜਾਂ ਕਮ ਚੋਣ ਅਧਿਕਾਰੀ ਨਿਤੀਸ਼ ਸਿੰਗਲਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਤੇ ਬੂਥ ਨੰਬਰ ਗਿਆਰਾਂ ਦੀ ਮੁੜ ਹੋਈ ਪੋਲਿੰਗ ਸ਼ਾਂਤੀਪੂਰਵਕ ਰਹੀ ਹੈ ਅਤੇ ਚੋਣ ਵਿਚ 87.8 ਪ੍ਰਤੀਸ਼ਤ ਵੋਟਰਾਂ ਨੇ ਹਿੱਸਾ ਲਿਆ ਹੈ।
Please Share This News By Pressing Whatsapp Button