
ਮਿਸ਼ਨ ਸ਼ਤ-ਪ੍ਰਤੀਸ਼ਤ ਤੇ ਦਾਖਲਾ ਮੁਹਿੰਮ ਲਈ ਸਿੱਖਿਆ ਵਿਭਾਗ ਵੱਲੋਂ ਸਰਗਰਮੀਆਂ ਤੇਜ਼
ਪਟਿਆਲਾ 17 ਫਰਵਰੀ (ਰੁਪਿੰਦਰ ਸਿੰਘ) : ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਮਿਸ਼ਨ ਸ਼ਤ-ਪ੍ਰਤੀਸ਼ਤ ਮੁਹਿੰਮ ਦੀ ਸਫਲਤਾ ਲਈ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਪਟਿਆਲਾ ਹਰਿੰਦਰ ਕੌਰ ਵੱਲੋਂ ਜਿਲ੍ਹੇ ਦੇ ਸਰਕਾਰੀ ਸਕੂਲ ਮੁਖੀਆਂ ਨਾਲ ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਬੈਠਕਾਂ ਕੀਤੀਆਂ ਹਨ। ਚਾਰ ਪੜਾਵਾਂ ‘ਚ ਕੀਤੀਆਂ ਗਈਆਂ।
ਇਨ੍ਹਾਂ ਦੋ ਦਿਨਾਂ ਮੀਟਿੰਗਾਂ ਦੌਰਾਨ ਡੀ.ਈ.ਓ. (ਸੈ.ਸਿੱ.) ਹਰਿੰਦਰ ਕੌਰ ਨੇ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਵਿਭਾਗ ਦੀਆਂ ਸਾਰੀਆਂ ਯੋਜਨਾਵਾਂ ਨੂੰ ਪਟਿਆਲਾ ਜਿਲ੍ਹੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੇ ਬਹੁਤ ਉਤਸ਼ਾਹ ਤੇ ਸੁਹਿਰਦਤਾ ਨਾਲ ਨੇਪਰੇ ਚਾੜਿਆ ਹੈ। ਇਸੇ ਤਰ੍ਹਾਂ ਹੀ ਵਿਭਾਗ ਦੇ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਵੀ ਕਾਮਯਾਬ ਕਰਨ ਲਈ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਉਚੇਚੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਬਹੁਤ ਸਾਰੇ ਸਕੂਲਾਂ ‘ਚ ਅਧਿਆਪਕਾਂ ਵੱਲੋਂ ਵਾਧੂ ਜਮਾਤਾਂ ਵੀ ਲਗਾਈਆਂ ਜਾ ਰਹੀਆਂ ਹਨ। ਜਿਨ੍ਹਾਂ ਨਾਲ ਹੁਸ਼ਿਆਰ ਤੇ ਦਰਮਿਆਨੇ ਵਿਦਿਆਰਥੀਆਂ ਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ। ਸ੍ਰੀਮਤੀ ਹਰਿੰਦਰ ਕੌਰ ਨੇ ਕਿਹਾ ਕਿ ਵਿਭਾਗ ਦੀਆਂ ਸ਼ਾਨਦਾਰ ਵਿੱਦਿਅਕ ਪ੍ਰਾਪਤੀਆਂ ਕਾਰਨ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਵੱਡੀ ਗਿਣਤੀ ‘ਚ ਵਾਧਾ ਹੋਇਆ ਹੈ ਅਤੇ ਇਸੇ ਤਰ੍ਹਾਂ ਹੀ ਨਵੇਂ ਸੈਸ਼ਨ ‘ਚ ਵੀ ਪਟਿਆਲਾ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਹੋਣ ਦੀ ਉਮੀਦ ਹੈ।
ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸੁਖਵਿੰਦਰ ਖੋਸਲਾ ਨੇ ਕਿਹਾ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਮੁਲਾਂਕਣ ਸਬੰਧੀ ਵਿਸਥਾਰ ‘ਚ ਚਾਨਣਾ ਪਾਇਆ। ਡਾਈਟ ਨਾਭਾ ਦੇ ਪ੍ਰਿੰ. ਅਰਚਨਾ ਮਹਾਜਨ ਤੇ ਜਿਲ੍ਹਾ ਕੋਆਰਡੀਨੇਟਰ (ਜਿਲ੍ਹਾ ਮੈਂਟਰਜ਼) ਕੁਲਬੀਰ ਕੌਰ ਨੇ ਜਿਲ੍ਹੇ ਦੀਆਂ ਵਿੱਦਿਅਕ ਸਰਗਰਮੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ। ਇਸ ਮੌਕੇ ਜਿਲ੍ਹਾ ਮੈਟਰ ਸਾਇੰਸ ਗਗਨਦੀਪ ਕੌਰ, ਹਰਸਿਮਰਨ ਸਿੰਘ (ਗਣਿਤ), ਰਮਨਜੀਤ ਸਿੰਘ (ਪੰਜਾਬੀ) ਤੇ ਵਰਿੰਦਰ ਕੌਸ਼ਿਕ (ਹਿੰਦੀ) ਤੇ 16 ਬਲਾਕ ਮੈਂਟਰਜ਼ ਹਾਜ਼ਰ ਸਨ।
Please Share This News By Pressing Whatsapp Button