
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ-ਲਾਈਨ ਪੋਸਟਰ ਸਿਰਜਣ ਮੁਕਾਬਲੇ ਸ਼ੁਰੂ
ਪਟਿਆਲਾ, 17 ਫਰਵਰੀ (ਰੁਪਿੰਦਰ ਸਿੰਘ) : ਫਾਈਨ ਆਰਟਸ ਵਿਭਾਗ ਵੱਲੋਂ ਹਰ ਸਾਲ ਲਗਾਈ ਜਾਂਦੀ ਚਿੱਤਰ-ਪ੍ਰਦਰਸ਼ਨੀ ਇਸ ਵਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਲਗਾਈ ਗਈ, ਜਿਸ ‘ਚ ਵੱਡੀ ਗਿਣਤੀ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੇ ਫਾਈਨ ਆਰਟਸ ਵਿਭਾਗ ਵੱਲੋਂ ਕਰਵਾਏ ਗਏ ਪੋਸਟਰ ਸਿਰਜਣ ਮੁਕਾਬਲੇ ਦਾ ਵਿਸ਼ਾ ‘ਮਾਂ ਬੋਲੀ ਦੀ ਮਹੱਤਤਾ’ ਰੱਖਿਆ ਗਿਆ।
ਇਸ ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਤ-ਭਾਸ਼ਾ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮਨੁੱਖਤਾ ਨੂੰ ਬਚਾਉਣ ਲਈ ਭਾਸ਼ਾਈ ਵੰਨ-ਸੁਵੰਨਤਾ ਨੂੰ ਬਚਾਉਣ ਦੀ ਲੋੜ ਹੁੰਦੀ ਹੈ। ਕੋਈ ਵੀ ਭਾਸ਼ਾ ਕਿਸੇ ਦੂਸਰੀ ਭਾਸ਼ਾ ਦੀ ਦੁਸ਼ਮਣ ਨਹੀਂ ਹੁੰਦੀ ਬਲਕਿ ਭਾਸ਼ਾਵਾਂ ਆਪਸ ਵਿਚ ਆਦਾਨ ਪ੍ਰਦਾਨ ਕਰ ਕੇ ਹੀ ਅਮੀਰ ਹੁੰਦੀਆਂ ਹਨ ਪਰ ਸਾਡੇ ਸਰਵਪੱਖੀ ਵਿਕਾਸ ਵਿਚ ਮਾਤ-ਭਾਸ਼ਾ ਦੀ ਅਹਿਮ ਮਹੱਤਤਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ਼ ਸੰਚਾਰ ਦਾ ਮਾਧਿਅਮ ਹੀ ਨਹੀਂ ਹੁੰਦੀ ਬਲਕਿ ਇਸ ਨੂੰ ਬੋਲਣ ਵਾਲੇ ਵਿਅਕਤੀ ਵਿਸ਼ੇਸ਼ ਦੀ ਸਮੁੱਚੀ ਲਿਆਕਤ ਇਸ ਵਿਚ ਸਮੋਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਤ-ਭਾਸ਼ਾ ਆਪਣੀ ਮਨੁੱਖਤਾ ਨੂੰ ਮਹਿਸੂਸ ਕਰਨ ਦਾ ਵੀ ਇਕ ਵੱਡਾ ਜ਼ਰੀਆ ਹੁੰਦੀ ਹੈ। ਮਾਤ-ਭਾਸ਼ਾ ਬੋਲਣ ਵਾਲਾ ਮਨੁੱਖ ਵਧੇਰੇ ਮਾਨਵਵਾਦੀ ਅਤੇ ਤਾਕਤਵਰ ਬਣਦਾ ਹੈ। ਉਨ੍ਹਾਂ ਕਿਹਾ ਕਿ ਮਾਤ-ਭਾਸ਼ਾ ਸੰਬੰਧੀ ਕਦੇ ਵੀ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ ਬਲਕਿ ਸਾਨੂੰ ਹਰ ਜਗ੍ਹਾ ਮਾਣ ਨਾਲ ਆਪੋ ਆਪਣੀ ਮਾਤ-ਭਾਸ਼ਾ ਬੋਲਣੀ ਚਾਹੀਦੀ ਹੈ। ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਅੰਬਾਲਿਕਾ ਸੂਦ ਜੈਕੋਬ ਵੱਲੋਂ ‘ਪੋਸਟਰ ਸਿਰਜਣ’ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਹਰ ਸਾਲ ਲਗਾਈ ਜਾਣ ਵਾਲੀ ਚਿੱਤਰ-ਪ੍ਰਦਰਸ਼ਨੀ ਵੀ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਇਹ ਇਸ ਵਾਰ ਆਨਲਾਈਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਫਾਈਨ-ਆਰਟਸ ਵਿਭਾਗ ਲਿੰਕ ‘ਤੇ ਜਾ ਕੇ ਵੇਖਿਆ ਜਾ ਸਕਦਾ ਹੈ।
ਇਸ ਮੌਕੇ ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਜਸਪਾਲ ਦਿਉਲ ਅਤੇ ਡਾ. ਗੁਰਸੇਵਕ ਲੰਬੀ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿਚੋਂ ਪੰਜ ਉੱਤਮ ਸਿਰਜਨਾਵਾਂ ਨੂੰ 19 ਫਰਵਰੀ ਨੂੰ ਹੋਣ ਜਾ ਰਹੀ ਪੰਜਾਬੀ ਭਾਸ਼ਾ ਕਨਵੈਨਸ਼ਨ ਵਿਚ ਸਨਮਾਨਿਤ ਕੀਤਾ ਜਾਵੇਗਾ।
Please Share This News By Pressing Whatsapp Button