ਬੇਕਾਬੂ ਕਾਰ ਔਰਤਾਂ ‘ਤੇ ਚੜੀ, ਦੋ ਦੀ ਮੌਤ
14 ਫਰਵਰੀ, ਬਹਾਦਰਗੜ੍ਹ (ਹਰਜੀਤ ਸਿੰਘ) : ਵੀਰਵਾਰ ਸਵੇਰੇ ਬਹਾਦਰਗੜ੍ਹ ਦੀ ਹੀਰਾ ਕਲੋਨੀ ਰੋਡ ‘ਤੇ ਇੱਕ ਬੇਕਾਬੂ ਕਾਰ ਨੇ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਦਰੜ ਦਿੱਤਾ ਜਿਸ ‘ਚ ਦੋਵੇਂ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਸਾਲਾ ਬੱਚਾ ਗੰਭੀਰ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਮਨਾ ਦੇਵੀ (55) ਪਤਨੀ ਖੁਸ਼ੀ ਰਾਮ ਅਤੇ ਚਰਨਜੀਤ ਕੌਰ (63) ਪਤਨੀ ਪਾਲਾ ਸਿੰਘ ਵਾਸੀ ਬਹਾਦਰਗੜ੍ਹ ਘਰ ਦੇ ਬਾਹਰ ਸੜਕ ਦੇ ਕਿਨਾਰੇ ਮੰਜੇ ‘ਤੇ ਬੈਠੀਆਂ ਗੱਲਾਂ ਕਰ ਰਹੀਆਂ ਸਨ ਸੀ ਜਦੋਂ ਕਿ ਜਮਨਾ ਦੇਵੀ ਦਾ ਦੋ ਸਾਲਾ ਪੋਤਾ ਖੁਸ਼ਹਾਲ ਵੀ ਨੇੜੇ ਹੀ ਖੇਡ ਰਿਹਾ ਸੀ। ਅਚਾਨਕ ਇੱਕ ਆਲਟੋ ਕਾਰ ਨੰਬਰ ਪੀਬੀ 13 ਏਜੇ 8856 ਬੇਕਾਬੂ ਹੋ ਕੇ ਉਨਾਂ ‘ਤੇ ਜਾ ਚੜੀ। ਕਾਰ ਦੀ ਜਬਰਦਸਤ ਟੱਕਰ ਨਾਲ ਦੋਵੇਂ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਬੱਚਾ ਗੰਭੀਰ ਜਖਮੀ ਹੋ ਗਿਆ। ਟੱਕਰ ਐਨੀ ਜਬਰਦਸਤ ਸੀ ਕਿ ਕਾਰ ਦੋਵੇਂ ਔਰਤਾਂ ਅਤੇ ਬੱਚੇ ਨੂੰ ਦਰੜਦੀ ਹੋਈ ਪਿਛੇ ਕੰਧ ਨਾਲ ਜਾ ਟਕਰਾਈ ਅਤੇ ਕੰਧ ਵੀ ਢਹਿ ਢੇਰੀ ਕਰ ਦਿੱਤੀ। ਕਾਰ ਨੂੰ ਛੱਡ ਕੇ ਚਾਲਕ ਮੌਕੇ ‘ਤੋਂ ਫਰਾਰ ਹੋ ਗਿਆ। ਪੁਲਿਸ ਚੌਕੀ ਬਹਾਦਰਗੜ੍ਹ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਕਾਰ ਨੂੰ ਕਬਜੇ ‘ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Please Share This News By Pressing Whatsapp Button