ਪਿੰਡ ਘੜਾਮ ਵਿਖੇ ਲੁਟੇਰਿਆਂ ਨੇ ਸ਼ਿਵ ਮੰਦਰ ‘ਚ ਮਾਰਿਆ ਡਾਕਾ
ਪਟਿਆਲਾ, 18 ਫਰਵਰੀ (ਰੁਪਿੰਦਰ ਸਿੰਘ) : ਇਥੋਂ ਥੋੜੀ ਦੂਰ ਇਤਿਹਾਸਕ ਪਿੰਡ ਘੜਾਮ ਵਿਖੇ ਬੀਤੀ ਰਾਤ ਸ਼ਿਵ ਮੰਦਿਰ ਵਿਖੇ ਡਾਕਾ ਪੈਣ ਦਾ ਸਮਾਚਾਰ ਮਿਲਿਆ ਹੈ, ਲੁਟੇਰੇ 4-5 ਲੱਖ ਰੁਪਏ ਲੈ ਕੇ ਫੁਰਰ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦੇਂਦੇ ਹੋਏ ਮੰਦਿਰ ਦੇ ਗੱਦੀ ਨਸ਼ੀਨ ਬਾਬਾ ਪ੍ਰਰੇਮ ਗਿਰੀ ਜੀ ਨੇ ਦਸਿਆ ਕਿ ਉਹ ਬੀਤੀ ਰਾਤ ਆਪਣੇ ਕਮਰੇ ਵਿੱਚ ਅਰਾਮ ਕਰ ਰਹੇ ਸਨ ਕਿ ਰਾਤ ਡੇਢ ਵਜੇ ਦੇ ਕਰੀਬ ਕਮਰੇ ਦੇ ਦਰਵਾਜੇ ਨੂੰ ਕਿਸੇ ਨੇ ਖੜਕਾਇਆ। ਜਦੋਂ ਮੈਂ ਦਰਵਾਜਾ ਖੋਹਲਿਆ ਤਾਂ ਤਿੰਨ ਲੁਟੇਰੇ ਕਮਰੇ ‘ਚ ਆ ਵੜੇ, ਜਿਨ੍ਹਾਂ ਚੋਂ ਇੱਕ ਵਿਅਕਤੀ ਮੇਰੇ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਿਆ ਤੇ ਦੂਜੇ ਤਿੰਨ ਲੁਟੇਰੇ ਕਮਰੇ ਦੇ ਸਟੋਰ ਵਿੱਚ ਵੜ ਕੇ ਗੋਦਰੇਜ਼ ਦੀ ਅਲਮਾਰੀ ਦਾ ਤਾਲਾ ਤੋੜ ਕੇ ਵਿਚੋਂ 4-5 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਇਸ ਸਮੇਂ ਉਨ੍ਹਾਂ ਵਿਅਕਤੀਆਂ ਕੋਲ ਡੰਡੇ ਹੀ ਸਨ ਅਤੇ ਮੂੰਹ ਢੱਕੇ ਹੋਏ ਸਨ। ਇਸ ਦੌਰਾਨ ਦੋ ਵਿਅਕਤੀ ਬਾਹਰ ਖੜੇ ਸਨ ਜੋ ਕਿ ਕਮਰੇ ਦੇ ਬਾਹਰ ਨਿਗਰਾਨੀ ਰੱਖ ਰਹੇ ਸਨ। ਜਾਂਦੇ ਹੋਏ ਲੁਟੇਰੇ ਸੀਸੀਟੀਵੀ ਦੀ ਸਕਰੀਨ ਵੀ ਤੋੜ ਗਏ। ਇਹ ਲੁਟੇਰੇ ਮੰਦਿਰ ਦੇ ਪਿਛਲੇ ਪਾਸਿਓਂ ਗਰਿੱਲ ਉਪਰ ਦੀ ਟੱਪ ਕੇ ਅੰਦਰ ਦਾਖਲ ਹੋਏ ਦੱਸੇ ਜਾਂਦੇ ਹਨ। ਇਸ ਘਟਨਾ ਦੀ ਖਬਰ ਸੁਣਦੇ ਹੀ ਥਾਣਾ ਜੁਲਕਾਂ ਮੁਖੀ ਇੰਸ: ਹਰਮਨਪ੍ਰਰੀਤ ਸਿੰਘ ਚੀਮਾਂ ਅਤੇ ਪੁਲਸ ਚੌਂਕੀ ਰੌਹੜ ਜਾਗੀਰ ਦੇ ਇੰਚਾਰਜ ਗੁਰਮੁਖ ਸਿੰਘ ਤੋਂ ਇਲਾਵਾ ਸੀ.ਆਈ.ਏ. ਦੇ ਇੰਸ: ਸ਼ਮਿੰਦਰ ਸਿੰਘ ਵੀ ਪੁਲਸ ਪਾਰਟੀ ਲੈ ਕੇ ਮੰਦਿਰ ਪਹੁੰਚ ਗਏ। ਜਿਨ੍ਹਾਂ ਨੇ ਇਸ ਘਟਨਾ ਦੀ ਪੜਤਾਲ ਆਰੰਭ ਦਿੱਤੀ ਹੈ। ਇੰਸ: ਚੀਮਾ ਨੇ ਦਸਿਆ ਕਿ ਇਸ ਲੁੱਟ ਦੀ ਘਟਨਾ ਦੀ ਪਰਚਾ ਦਰਜ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਮੁਲਜਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਲੂਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਦੀ ਖਬਰ ਸੁਣਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਇਸ ਲੁੱਟ ਦੀ ਘਟਨਾ ਨੂੰ ਬਹੁਤ ਮੰਦਭਾਗਾ ਦਸਿਆ ਅਤੇ ਕਿਹਾ ਕਿ ਪੁਲਸ ਵਿਭਾਗ ਨੂੰ ਇਸ ਘਟਨਾ ਵਿੱਚ ਸ਼ਾਮਲ ਲੁਟੇਰਿਆਂ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਧਾਰਮਿਕ ਸਥਾਨ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਵਿਅਕਤੀ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ।
Please Share This News By Pressing Whatsapp Button