ਪੰਜਾਬੀ ਯੂਨੀਵਰਸਿਟੀ ‘ਚ ਮਨੁੱਖੀ ਲੜੀ ਬਣਾ ਕੇ ਪੰਜਾਬ ਸਰਕਾਰ ਨੂੰ ‘ਵਰਸਿਟੀ ਨੂੰ ਕਰਜ਼ੇ ‘ਚੋਂ ਕੱਢਣ ਦੀ ਕੀਤੀ ਅਪੀਲ
ਪਟਿਆਲਾ, 19 ਫਰਵਰੀ (ਰੁਪਿੰਦਰ ਸਿੰਘ) : ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ, ਪੰਜਾਬੀ ਸਾਹਿਤ ਅਧਿਐਨ ਵਿਭਾਗ ਤੇ ਪੰਜਾਬ ਦੀਆਂ ਸਾਹਿਤ ਸਭਾਵਾਂ, ਪੂਟਾ ਤੇ ਵਿਦਿਆਰਥੀ ਜਥੇਬੰਦੀਆਂ ਏ.ਆਈ.ਐਸ.ਐਫ਼, ਐਸ.ਐਫ਼.ਆਈ, ਪੀ.ਐਸ.ਯੂ, ਪੀ.ਐਸ.ਯੂ ਲਲਕਾਰ, ਪੀ.ਆਰ.ਐਸ.ਯੂ ਤੇ ਡੀ.ਐਸ.ਓ ਵੱਲੋਂ 21 ਫ਼ਰਵਰੀ 2021 ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਮਨੁੱਖੀ ਲੜੀ ਬਣਾਈ ਗਈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ‘ਵਰਸਿਟੀ ਨੂੰ ਕਰਜ਼ੇ ‘ਚੋਂ ਕੱਢਿਆ ਜਾਵੇ ਤਾਂ ਕਿ ਵਿਦਿਆਰਥੀਆਂ ਤੇ ਕਰਮਚਾਰੀਆਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਪੰਜਾਬੀ ਵਿਭਾਗ ਤੋਂ ਮੁਖੀ ਡਾ. ਸੁਰਜੀਤ ਸਿੰਘ, ਡਾ. ਰਜਿੰਦਰਪਾਲ ਬਰਾੜ, ਡਾ. ਭੀਮਇੰਦਰ ਸਿੰਘ ਪੰਜਾਬੀ ਸਾਹਿਤ ਅਧਿਆਨ ਵਿਭਾਗ ਮੁੱਖੀ, ਡਾ. ਮੋਹਨ ਤਿਆਗੀ, ਡਾ. ਸੁੱਖਦੇਵ ਸਿਰਸਾ ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਦੇ ਜਨਰਲ ਸਕੱਤਰ ਕੌਮੀ, ਡਾ. ਸਰਬਜੀਤ ਸਿੰਘ, ਉੱਘੇ ਲੋਕ ਗਾਇਕ ਪੰਮੀ ਬਾਈ, ਵਿਦਿਆਰਥੀ ਜਥੇਬੰਦੀਆਂ ਤੋਂ ਵਰਿੰਦਰ ਏ.ਆਈ.ਐਸ.ਐਫ਼, ਅੰਮ੍ਰਿਤਪਾਲ ਐਸ.ਐਫ਼.ਆਈ, ਪੀ.ਐਸ.ਯੂ ਤੋਂ ਅਮਨ, ਪੀ.ਐਸ.ਯੂ ਲਲਕਾਰ ਤੋਂ ਗੁਰਪ੍ਰੀਤ, ਪੀ.ਆਰ.ਐਸ.ਯੂ ਤੋਂ ਜਿੰਮੀ, ਡੀ.ਐਸ.ਓ ਤੋਂ ਬਲਕਾਰ ਸਿੰਘ ਨੇ ਕਿਹਾ ਕਿ 21 ਫ਼ਰਵਰੀ ਦੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਨੂੰ ਸਮਰਪਿਤ ਇਹ ਮਨੁੱਖੀ ਲੜੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਵਿਕਾਸ ਦੇ ਵਿਚ ਪੰਜਾਬੀ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈ। ਵਿਦਿਆਰਥੀਆਂ ਤੇ ਕਰਮਚਾਰੀਆਂ ਵਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਵਰਸਿਟੀ ਦੇ ਵਿੱਤੀ ਹਲਾਤ ਇੰਨੇ ਜ਼ਿਆਦਾ ਖਰਾਬ ਹੋਣ ਕਾਰਨ ਹੁਣ ਇਹ ਹਲਾਤ ਬਣ ਰਹੇ ਹਨ ਕਿ ‘ਵਰਸਿਟੀ ਬੰਦ ਹੋਣ ਦੇ ਕਿਨਾਰੇ ‘ਤੇ ਹੈ ਜੇ ਇਹ ਬੰਦ ਹੁੰਦੀ ਹੈ ਤਾਂ ਪੰਜਾਬੀ ਦੇ ਵਿਚ ਨਵੀਂਆਂ ਖੋਜਾਂ, ਵਿਕਾਸ ਤੇ ਪਸਾਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਹ ਮਾਲਵੇ ਦੇ ਵਿਚ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਜੋ ਕਿ ਸਿੱਖਿਆ ਦੇ ਪਸਾਰ ਲਈ ਯੂਨੀਵਰਸਿਟੀ ਵਲੋਂ ਇਸ ਖਿੱਤੇ ਵਿਚ ਰਹਿਣ ਵਾਲੇ ਲੋੜਵੰਦ ਵਿਦਿਆਰਥੀਆਂ ਨੂੰ ਘੱਟ ਫ਼ੀਸਾਂ ‘ਤੇ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਜੇਕਰ ਇਹ ਬੰਦ ਹੁੰਦੀ ਹੈ ਤਾਂ ਲੋੜਵੰਦ ਵਿਦਿਆਰਥੀਆਂ ਲਈ ਸਿੱਖਿਆ ਉਨ੍ਹਾਂ ਤੋਂ ਕੋਸਾਂ ਦੂਰ ਚੱਲੀ ਜਾਵੇਗੀ, ਜਿਸ ਦਾ ਸਿੱਧੇ ਤੌਰ ਤੇ ਨੁਕਸਾਨ ਵਿਦਿਆਰਥੀਆਂ ਤੇ ਆਉਣ ਵਾਲੇ ਭਵਿੱਖ ‘ਤੇ ਪਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਵਿਚੋਂ ਕੱਢਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਜੇਕਰ ਇਹ ਯੂਨੀਵਰਸਿਟੀ ਬੰਦੀ ਹੁੰਦੀ ਹੈ ਜਾਂ ਨਿੱਜੀ ਹੱਥਾਂ ਵਿਚ ਜਾਂਦੀ ਹੈ ਤਾਂ ਜਿਥੇ ਪੰਜਾਬੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਵਿਚ ਪਾਇਆ ਜਾ ਰਿਹਾ ਯੋਗਦਾਨ ਬੰਦ ਹੋਵੇਗਾ, ਉਥੇ ਹੀ ਵਿਦਿਆਰਥੀਆਂ ਨੂੰ ਸਿੱਖਿਆ ਨਾ ਮਿਲਣ ਕਾਰਨ ਉਨ੍ਹਾਂ ਦਾ ਭਵਿੱਖ ਹਨ੍ਹੇਰੇ ‘ਚ ਚਲਾ ਜਾਵੇਗਾ। ਇਸੇ ਤਹਿਤ ਉਨ੍ਹਾਂ ਵਲੋਂ ਇਹ ਲੜੀ ਦਾ ਆਰੰਭ ਕੀਤਾ ਜਾ ਰਿਹਾ ਹੈ।
Please Share This News By Pressing Whatsapp Button