
ਮਾਤ ਭਾਸ਼ਾ ਅਤੇ ਮਾਤ ਭੂਮੀ ਵੱਖ ਨਹੀਂ:ਡਾ. ਦਰਸ਼ਨ ਪਾਲ
ਸਿੰਘੂ ਬਾਰਡਰ ਤੇ ਡਾ. ਦਰਸ਼ਨ ਪਾਲ ਨੂੰ ਦਿੱਤਾ ਮਾਤ ਭਾਸ਼ਾ ਸੇਵਕ ਸਨਮਾਨ
ਪਟਿਆਲਾ 21 ਫ਼ਰਵਰੀ (ਗਗਨਦੀਪ ਸਿੰਘ ਦੀਪ )
ਮਾਤ ਭਾਸ਼ਾ ਅਤੇ ਮਾਤ ਭੂਮੀ ਨੂੰ ਵੱਖ ਕਰਕੇ ਨਹੀੰ ਦੇਖਿਆ ਜਾ ਸਕਦਾ। ਸੋ ਅੱਜ ਸਰਕਾਰਾਂ ਨਾਲ ਲੜਾਈ ਕੇਵਲ ਮਾਤ ਭੂਮੀ ਬਚਾਉਣ ਦੀ ਹੀ ਨਹੀੰ, ਸਗੋਂ ਮਾਤ ਭਾਸ਼ਾ ਬਚਾਉਣ ਦੀ ਵੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਾਰ ਦੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਦੇ ਸੰਚਾਲਕ ਸੰਯੁਕਤ ਕਿਸਾਨ ਮੋਰਚੇ ਦੇ ਸੰਯੋਜਕ ਡਾ. ਦਰਸ਼ਨ ਪਾਲ ਨੇ ਸਿੰਘੂ ਬਾਰਡਰ ਤੇ ਸਥਿਤ ਮੀਟਿੰਗ ਹਾਲ ਵਿੱਚ ਆਯੋਜਿਤ ਕੌਮਾਂਤਰੀ ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਮਾਤ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਵੱਲੋੰ ਪਟਿਆਲਾ ਆਰਟਸ ਐਂਡ ਕਲਚਰਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਇਸ ਸਮਾਗਮ ਵਿੱਚ ਡਾ. ਦਰਸ਼ਨ ਪਾਲ ਨੂੰ ਮਾਤ ਭਾਸ਼ਾ ਸੇਵਕ ਸਨਮਾਨ ਨਾਲ ਨਿਵਾਜਿਆ ਗਿਆ।
ਡਾ. ਦਰਸ਼ਨ ਪਾਲ ਨੇ ਕਿਹਾ ਕਿ ਮਾਤ ਭੂਮੀ ਅਤੇ ਮਾਤ ਭਾਸ਼ਾ ਦੋਵਾਂ ਨੂੰ ਇੱਕ ਦੂਜੇ ਦਾ ਪੂਰਕ ਜਾਂ ਸਮਾਨਾਰਥੀ ਕਿਹਾ ਜਾ ਸਕਦਾ ਹੈ। ਸਰਕਾਰਾਂ ਆਪਣੀਆਂ ਨੀਤੀਆਂ ਰਾਹੀਂ ਦੋਵਾਂ ਨੂੰ ਹੀ ਆਮ ਲੋਕਾਂ ਤੋਂ ਵਿਛੋੜਕੇ ਲੋਕਾਈ ਨੂੰ ਆਪਣਾ ਗੁਲਾਮ ਬਣਾਉਣ ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪ੍ਰਤੀ ਸਰਕਾਰਾਂ ਦੀ ਅਣਗਹਿਲੀ ਤੇ ਵੀ ਚਿੰਤਾ ਪ੍ਰਗਟ ਕੀਤੀ।
ਸਮਾਗਮ ਦੀ ਅਗੁਵਾਈ ਕਰਦੇ ਹੋਏ ਮੰਚ ਦੇ ਸੰਯੋਜਕ ਅਤੇ ਚਿੰਤਕ ਗੁਰਮਿੰਦਰ ਸਿੰਘ ਸਮਦ ਨੇ ਡਾ. ਦਰਸ਼ਨ ਪਾਲ ਦੇ ਜੀਵਨ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਡਾ. ਦਰਸ਼ਨ ਪਾਲ ਨੇ ਲੋਕ ਹੋਂਦ ਅਤੇ ਲੋਕ ਹੱਕਾਂ ਨੂੰ ਬਚਾਉਣ ਲਈ ਲੋਕ ਸੰਘਰਸ਼ਾਂ ਰਾਹੀਂ ਬੇਮਿਸਾਲ ਯੋਗਦਾਨ ਦਿੱਤਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਨਾਲ ਪੰਜਾਬ ਸਮਾਜ ਪ੍ਰਤੀ ਉਨ੍ਹਾਂ ਦੀ ਉਸਾਰੂ ਭੂਮਿਕਾ ਕਦੇ ਵੀ ਭੁਲਾਈ ਨਹੀੰ ਜਾ ਸਕਦੀ। ਮੰਚ ਦੇ ਸਹਿ ਸੰਯੋਜਕ ਅਤੇ ਸਮਾਜਿਕ ਕਾਰਕੁਨ ਅਮਨ ਅਰੋੜਾ ਨੇ ਦੱਸਿਆ ਕਿ ਇਸ ਸਨਮਾਨ ਲਈ ਉੱਘੇ ਵਿਦਵਾਨਾਂ ਦੀ ਕਮੇਟੀ ਵੱਲੋਂ ਡਾ. ਦਰਸ਼ਨ ਪਾਲ ਦੇ ਨਾਮ ਦੀ ਚੋਣ ਕੀਤੀ ਗਈ। ਕਮੇਟੀ ਵਿੱਚ ਮੰਚ ਦੇ ਸਰਪ੍ਰਸਤ ਗੁਰਮਤਿ ਸੰਗੀਤ ਆਚਾਰੀਆ ਪ੍ਰੋਫੈਸਰ ਡਾ. ਗੁਰਨਾਮ ਸਿੰਘ, ਲੋਕ ਸ਼ਾਇਰ ਕੁਲਵੰਤ ਗਰੇਵਾਲ,
ਪੰਜਾਬੀ ਯੂਨੀਵਰਸਿਟੀ ਦੇ ਸਮਾਜ ਸੇਵਾ ਵਿਭਾਗ ਦੇ ਪ੍ਰੋਫੈਸਰ ਡਾ. ਗੁਰਨਾਮ ਵਿਰਕ, ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਗੁਰਜੰਟ ਸਿੰਘ, ਐਡਵੋਕੇਟ ਰਾਜੀਵ ਲੋਹਟਬੱਦੀ, ਐਡਵੋਕੇਟ ਹਰਬੰਸ ਸਿੰਘ ਕਨਸੂਆ ਕਲਾਂ, ਸੀਨੀਅਰ ਪੱਤਰਕਾਰ ਰਮਨਜੀਤ ਸਿੰਘ, ਸਮਾਜਿਕ ਕਾਰਕੁਨ ਅੰਮ੍ਰਿਤਪਾਲ ਕੌਰ ਅਮਨ ਸ਼ਾਮਲ ਸਨ।
ਮੰਚ ਦੇ ਸਲਾਹਕਾਰ ਹਰਜੋਤ ਟਿਵਾਣਾ ਨੇ ਮੰਚ ਦੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿਲ, ਸੂਬਾ ਸਕੱਤਰ ਜਗਮੋਹਨ ਪਟਿਆਲਾ, ਵਾਤਾਵਰਣ ਪ੍ਰੇਮੀ ਹਰਦੀਪ ਰੱਖੜਾ, ਐਡਵੋਕੇਟ ਸਲੀਮ ਵਰਾਲ, ਸਮਾਜ ਸੇਵੀ ਸੁਰਿੰਦਰ ਕੁਮਾਰ ਸੈਣੀ, ਕਿਰਨ ਵਸ਼ਿਸ਼ਠ, ਕਿਸਾਨ ਆਗੂ ਮੇਜਰ ਖਾਨ, ਅਮਰਿੰਦਰ ਸ਼ੈਲੀ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।
Please Share This News By Pressing Whatsapp Button