
ਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਨਮਾਨ ਸਮਾਰੋਹ ਹੋ ਨਿਬੜਿਆ

ਪਟਿਆਲਾ, 21 ਫਰਵਰੀ (ਰਾਜੇਸ਼)-ਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਵਿਖੇ ਖ਼ਾਲਸਾ ਕਾਲਜ ਦੇ ਸਹਿਯੋਗ ਨਾਲ ਸਨਮਾਨ ਸਮਾਰੋਹ ਸੰਸਥਾ ਦੇ ਸਰਪ੍ਰਸਤ ਡਾ. ਐੱਸ. ਐੱਸ. ਗਿੱਲ ਸਾਬਕਾ ਵਾਈਸ ਚਾਂਸਲਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿਚ 27 ਦਸੰਬਰ 2001 ਨੂੰ ਜਾਰੀ ਕੀਤੀ 101 ਸਿਰਮੋਰ ਪੰਜਾਬੀਆਂ ਦੀ ਸੂਚੀ ਵਿੱਚੋਂ 25 ਸਿਰਮੌਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਅਜਿਹੇ ਸਮਾਗਮ ਡਾ. ਅਜੇੈਬ ਸਿੰਘ ਚੱਠਾ ਦੇ ਉਪਰਾਲਿਆਂ ਸਦਕਾ ਸੰਭਵ ਹੋ ਰਹੇ ਹਨ ਤੇ ਉਹ ਪੰਜਾਬੀਅਤ ਤੇ ਪਰਸਾਰ ਹਿਤ ਲਗਾਤਾਰ ਨਵੇਂ ਯਤਨ ਕਰਦੇ ਕੁਝ ਨਾ ਕੁਝ ਬਿਹਤਰ ਕਰਦੇ ਰਹਿੰਦੇ ਹਨ। ਇਸ ਮੌਕੇ ਅਰਵਿੰਦਰ ਢਿੱਲੋਂ ਜਨਰਲ ਸਕੱਤਰ ਨੇ ਕਿਹਾ ਕਿ ਸੰਸਥਾ ਦੀ ਸਥਾਪਤੀ ਲਈ ਅਜਾਇਬ ਸਿੰਘ ਚੱਠਾ ਵੱਲੋਂ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਅਜੈਬ ਸਿੰਘ ਚੱਠਾ ਦਾ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਇਸ ਕੌਮਾਂਤਰੀ ਮੰਚ ਦੀ ਸਥਾਪਤੀ ਨਾਲ ਵੱਖ-ਵੱਖ ਮੁਲਕਾਂ ਵਿੱਚ ਬੈਠੇ ਪੰਜਾਬੀਆਂ ਨੂੰ ਸਾਂਝਾ ਪਲੇਟਫਾਰਮ ਮੁਹੱਈਆ ਹੋਇਆ ਹੈ।
ਇਸ ਮੌਕੇ ਡਾ. ਸ਼ਵਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿਚ ਸੰਸਥਾ ਦੇ ਉਦੇਸ਼ ਸਾਂਝੇ ਕਰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਦੀ ਕੋਈ ਕਾਇਦਾ-ਏ- ਨੂਰ ਵਰਗੀ ਪੁਸਤਕ ਪਿਆਰ ਕਰੀਏ ਜਿਸ ਦਾ ਹਰ ਪੰਜਾਬੀ ਨੂੰ ਲਾਭ ਹੋ ਸਕੇ ਅਤੇ ਗੁਜ਼ਾਰੇ ਜੋਗੀ ਪੜ੍ਹਾਈ ਹਰ ਵਿਅਕਤੀ ਇਸ ਤੋਂ ਪ੍ਰਾਪਤ ਕਰ ਸਕੇ। ਇਸ ਮੌਕੇ ਉਨ੍ਹਾਂ ਵੱਲੋਂ ਸੰਸਥਾ ਦੁਆਰਾ ਸਮੇਂ-ਸਮੇਂ ‘ਤੇ ਕੀਤੇ ਜਾ ਰਹੇ ਕੰਮਾਂ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਆਪਣੇ ਮਿਸ਼ਨ ਨੂੰ ਨਿਰੰਤਰ ਜਾਰੀ ਰੱਖਣ ਦਾ ਅਹਿਦ ਕੀਤਾ। ਸਮਾਗਮ ਵਿੱਚ ਸਨਮਾਨਤ ਸ਼ਖ਼ਸੀਅਤਾਂ ਵਿੱਚੋਂ ਪ੍ਰਸਿੱਧ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ ਨੇ ਜਿੱਥੇ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੜ੍ਹਾਂ ਨਾਲ ਜੁੜ ਕੇ ਹੀ ਬੰਦਾ ਅੱਗੇ ਵਧ ਸਕਦਾ ਹੈ ਅਤੇ ਭਵਿੱਖ ਵਿੱਚ ਕਾਮਯਾਬ ਰਹਿੰਦਾ ਹੈ। ਸ੍ਰੀਮਤੀ ਹਰਜਿੰਦਰ ਕੌਰ ਸਾਬਕਾ ਚੇਅਰਪਰਸਨ ਪੰਜਾਬ ਕਲਾ ਪ੍ਰੀਸ਼ਦ ਨੇ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਸੱਚ ਦੇ ਨਾਲ ਖੜੀਏ ਕਿਉਂਕਿ ਵਿਖਾਵਾ ਚਿਰਸਥਾਈ ਨਹੀਂ ਹੁੰਦਾ। ਇਸ ਮੌਕੇ ਸ੍ਰੀਮਤੀ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਪਹਿਚਾਣਦੇ ਹੋਏ ਲੋਕ ਹਿੱਤਾਂ ਅਤੇ ਸਮਾਜਿਕ ਹਿੱਤਾਂ ਤੇ ਪਹਿਰਾ ਦਿੱਤਾ ਜਾਵੇ। ਇਸ ਮੌਕੇ ਡਾ ਸਤੀਸ਼ ਵਰਮਾ ਨੇ ਜਿੱਥੇ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਪੰਜਾਬੀ ਜ਼ੁਬਾਨ ਨੂੰ ਖ਼ਤਰਿਆਂ ਤੋਂ ਮੁਕਤ ਦੱਸਦਿਆਂ ਕਿਹਾ ਕਿ ਪੰਜਾਬੀ ਕਿਸੇ ਇੱਕ ਖਿੱਤੇ ਦੀ ਭਾਸ਼ਾ ਨਹੀਂ ਸਗੋਂ 150 ਮੁਲਕਾਂ ਵਿਚ ਬੋਲੀ ਜਾਣ ਵਾਲੀ ਭਾਸ਼ਾ ਹੈ। ਇਸ ਮੌਕੇ ਡਾ. ਰਾਜਿੰਦਰਪਾਲ ਸਿੰਘ ਬਰਾੜ, ਸੁਰਿੰਦਰ ਸਿੰਘ ਚੱਢਾ, ਗੁਰਦੇਵ ਸਿੰਘ ਬਰਾੜ ਸਾਬਕਾ ਆਈ. ਏ. ਐੱਸ., ਪਰਮਜੀਤ ਸਿੰਘ ਵਿਰਕ, ਵਿਕਾਸ ਸੱਭਰਵਾਲ, ਗੁਰਿੰਦਰ ਸਿੰਘ ਬੱਲ, ਰਾਜੇਸ਼ ਢੀਂਗਰਾ, ਡਾ. ਜੈਦੀਪ ਸਿੰਘ, ਡਾ. ਟੀ. ਪੀ. ਸਿੰਘ, ਬੇਅੰਤ ਕੌਰ ਸ਼ਾਹੀ, ਕੰਵਲਜੀਤ ਕੌਰ ਬਾਜਵਾ ਆਦਿ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਕੁਝ ਸ਼ਖ਼ਸੀਅਤਾਂ ਦੀ ਗੈਰ-ਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਭੇਜੇ ਨੁਮਾਇੰਦਿਆਂ ਵੱਲੋਂ ਸਨਮਾਨ ਹਾਸਿਲ ਕੀਤੇ ਗਏ ਜਿਨ੍ਹਾਂ ਵਿੱਚ ਸੰਤ ਸਿੰਘ ਛਤਵਾਲ ਅਮਰੀਕਾ, ਬਰਜਿੰਦਰ ਸਿੰਘ ਢਾਹਾਂ ਕੈਨੇਡਾ, ਡਾ. ਗੁਰਪ੍ਰੀਤ ਕੌਰ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਪ੍ਰਿਤਪਾਲ ਸਿੰਘ ਚੱਠਾ ਅਮਰੀਕਾ, ਡਾ. ਸੁਰਜੀਤ ਸਿੰਘ ਸੰਧੂ ਅਤੇ ਡਾ. ਸੋਹਣ ਸਿੰਘ ਪਰਮਾਰ ਸ਼ਾਮਲ ਸਨ।
ਸਮਾਗਮ ਦੇ ਅਖੀਰ ਵਿਚ ਗੁਰਦੇਵ ਸਿੰਘ ਬਰਾੜ ਸਾਬਕਾ ਆਈ. ਏ. ਐਸ. ਅਧਿਕਾਰੀ ਨੇ ਕਿਹਾ ਕਿ ਸਾਨੂੰ ਜ਼ਮੀਰ ਦੇ ਉਲਟ ਜਾ ਕੇ ਫ਼ੈਸਲੇ ਨਹੀਂ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੱਚ ਦਾ ਰਾਹ ਔਖਾ ਜ਼ਰੂਰ ਹੋ ਸਕਦਾ ਹੈ ਪਰ ਇਹ ਰਾਹ ਸਕੂਨ ਭਰਿਆ ਹੁੰਦਾ ਹੈ। ਅਖੀਰ ਵਿੱਚ ਮੰਚ ਸੰਚਾਲਕ ਹਰਵਿੰਦਰ ਢਿਲੋਂ ਨੇ ਨੇ ਦੱਸਿਆ ਕਿ ਇਸੇ ਪੱਧਰ ਦਾ ਸਨਮਾਨ ਸਮਾਰੋਹ ਛੱਬੀ ਫਰਵਰੀ ਨੂੰ ਸੁਲਤਾਨਪੁਰ ਲੋਧੀ ਵਿਖੇ ਨਿਰਮਲ ਕੁਟੀਆ ਵਿੱਚ ਮਨਾਇਆ ਜਾਵੇਗਾ।
Please Share This News By Pressing Whatsapp Button