ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 644ਵੇੰ ਪਾਵਨ ਪ੍ਰਕਾਸ਼ ਉਤਸਵ ਮੌਕੇ ਪੰਜਵਾਂ ਮਹਾਨ ਵਿਸ਼ਾਲ ਨਗਰ ਕੀਰਤਨ 26 ਫ਼ਰਵਰੀ ਨੂੰ ਅਰੰਭ ਹੋਵੇਗਾ : ਸੁਰਮੁੱਖ ਪੋਲਾ
ਬਲਬੇੜਾ/ਡਕਾਲਾ, 23 ਫ਼ਰਵਰੀ (ਗੁਰਸੇਵਕ ਸਿੰਘ ਕਰਹਾਲੀ ਸਾਹਿਬ) : ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਬਖ਼ਸ਼ਿਸ਼ ਸਦਕਾ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਮੌਕੇ ਪੰਜਵਾਂ ਮਹਾਨ ਵਿਸ਼ਾਲ ਨਗਰ ਕੀਰਤਨ ਪਿੰਡ ਪੋਲਾ ਵਿਖੇ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਵਡਮੁੱਲੇ ਸਹਿਯੋਗ ਸਦਕਾ 26 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ੍ਰੀ ਰਵਿਦਾਸ ਜੀ ਮਹਾਰਾਜ ਪਿੰਡ ਪੋਲਾ ਤੋਂ ਸਵੇਰੇ 7 ਵਜੇ ਆਰੰਭ ਕੀਤੇ ਜਾਣਗੇ। ਇਹ ਜਾਣਕਾਰੀ ਇੱਕ ਮੁਲਾਕਾਤ ਦੌਰਾਨ ਪ੍ਰੈਸ ਨਾਲ ਸਾਂਝੀ ਕਰਦਿਆਂ ਭਗਤ ਰਵਿਦਾਸ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਸੁਰਮੂਖ ਸਿੰਘ ਪੋਲਾ ਨੇ ਦੱਸਿਆ ਕਿ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 644ਵੇਂ ਪਵਿੱਤਰ ਪ੍ਰਕਾਸ਼ ਦਿਹਾੜੇ ਮੌਕੇ ਮਿਤੀ 26 ਫ਼ਰਵਰੀ ਨੂੰ ਮਹਾਨ ਵਿਸ਼ਾਲ ਨਗਰ ਕੀਰਤਨ ਪਿੰਡ ਪੋਲਾ ਤੋਂ ਆਰੰਭ ਕੀਤੇ ਜਾਣਗੇ ਜੋ ਕਿ ਪਿੰਡ ਮੀਆਪੁਰ ਚੌਕ ਮੇਨ ਰੋਡ ਤੋਂ ਬਹਿਲੋਲਪੁਰ ਸੈਣੀਆ, ਬਹਿਲੋਲਪੁਰ ਜੱਟਾਂ, ਪੰਜੋਲੀ ਖੁਰਦ, ਪੰਜੋਲਾ, ਮੂਲੇਪੁਰ, ਕੋਟਲਾ ਜੱਟਾਂ, ਸੈਂਫਲਪੁਰ ਬੁੱਲੇਵਾਲ, ਸ਼ੇਖਪੁਰ, ਝਿੰਜਰਾਂ, ਹੱਲੋਤਾਲੀ ਇਤ ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਪਿੰਡ ਪੋਲਾ ਵਿਖੇ ਸਮਾਪਤ ਹੋਵੇਗਾ ਅਤੇ 27 ਫਰਵਰੀ ਦਿਨ ਸ਼ਨੀਵਾਰ ਨੂੰ ਸ੍ਰੀ ਸਹਿਜ ਪਾਠ ਦੇ ਭੋਗਾ ਤੋਂ ਉਪਰੰਤ ਧਾਰਮਕ ਸਮਾਗਮ ਆਰੰਭ ਕੀਤੇ ਜਾਣਗੇ ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ, ਅਤੇ ਕੀਰਤਨੀ ਜਥੇ ਭਗਤ ਰਵੀਦਾਸ ਜੀਆਂ ਦੇ ਜੀਵਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਭਗਤ ਰਵਿਦਾਸ ਕਮੇਟੀ ਵੱਲੋਂ ਸੰਗਤਾਂ ਦੇ ਚਰਨਾਂ ‘ਚ ਪ੍ਰੈੱਸ ਦੇ ਮਾਧਿਅਮ ਰਾਹੀਂ ਬੇਨਤੀ ਕਰਦਿਆਂ ਅਪੀਲ ਕੀਤੀ ਗਈ ਕਿ ਆਪੋ ਆਪਣੇ ਸਾਧਨਾਂ ਰਾਹੀਂ ਇਸ ਮਹਾਨ ਵਿਸ਼ਾਲ ਨਗਰ ਕੀਰਤਨ ‘ਚ ਸ਼ਮੂਲੀਅਤ ਕਰਕੇ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਤੇ ਭਗਤ ਰਵਿਦਾਸ ਜੀ ਦੀਆਂ ਖੁਸ਼ੀਆ ਪ੍ਰਾਪਤ ਕਰਨ।
Please Share This News By Pressing Whatsapp Button