ਝੂਠੇ ਪੁਲਿਸ ਕੇਸਾਂ ਖਿਲਾਫ ਪਾਤੜਾਂ ਕਿਸਾਨਾਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ

ਦਿੱਲੀ ਦੀ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ
ਅਤੇ ਲਾਲ ਕਿਲੇ ਉੱਤੇ ਝੰਡਾ ਲਹਿਰਾਉਣ ਦੀ ਸਾਜਿਸ਼ ਦਾ ਸ਼ਿਕਾਰ ਹੋਏ ਬੇਦੋਸ਼ੇ ਨੌਜਵਾਨਾਂ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਜੇਲੀਂ ਡੱਕੇ ਸੰਘਰਸ਼ੀਲ ਕਿਸਾਨਾਂ ਦੀ ਿਰਹਾਈ, ਕੇਂਦਰੀ ਜਾਂਚ ਏਜੰਸੀਆਂ ਵੱਲੋੰ ਕਿਸਾਨਾਂ ਨੂੰ ਭੇਜੇ ਜਾ ਰਹੇ ਨੋਟਿਸਾਂ ਨੂੰ ਬੰਦ ਕਰਵਾਉਣ ਅਤੇ ਕਿਸਾਨਾਂ ਤੇ ਦਰਜ ਕੀਤੇ ਫਰਜ਼ੀ ਪੁਲਿਸ ਕੇਸਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਾਤੜਾਂ ਤਹਿਸੀਲ ਵਿੱਚ ਕਿਸਾਨਾਂ ਵੱਲੋਂ ਰੋਹ ਭਰਪੂਰ ਮੁਜ਼ਾਹਰੇ ਉਪਰੰਤ ਤਹਿਸੀਲ ਪ੍ਰਸ਼ਾਸਨ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ।ਇਸ ਮੁਜ਼ਾਹਰੇ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਕਿਰਤੀ ਕਿਸਾਨ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਵੱਲੋੰ ਕੀਤੀ ਗਈ।
ਸਬ ਡਿਵੀਜ਼ਨ ਕੰਪਲੈਕਸ ਵਿਚ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਾਹਿਬ ਸਿੰਘ, ਲਾਭ ਸਿੰਘ, ਰਾਮਚੰਦ ਚੁਨਾਗਰਾ ਅਤੇ ਅਧਿਆਪਕ ਆਗੂ ਅਤਿੰਦਰ ਘੱਗਾ ਨੇ ਕਿਹਾ ਕਿ ਪੰਜਾਬ,ਹਰਿਆਣਾ ਦੇ ਬੇਦੋਸ਼ੇ ਨੌਜਵਾਨਾਂ ਨੂੰ ਦਿੱਲੀ ਦੀਆਂ ਜੇਲਾਂ ਵਿੱਚ ਸਖਤ ਧਾਰਾਵਾਂ ਲਾ ਕੇ ਬੰਦ ਕਰਕੇ, ਸਿੰਘੂ ਬਾਰਡਰ ਤੇ ਕਿਸਾਨਾਂ ਉੱਤੇ ਜਾਨਲੇਵਾ ਹਮਲੇ ਕਰਵਾਕੇ ਅਤੇ ਦੇਸ਼ ਦੇ ਹੋਰਨਾਂ ਰਾਜਾਂ ਦੇ ਕਿਸਾਨਾਂ ਨੂੰ ਚੱਕਾ ਜਾਮ, ਰੇਲ ਰੋਕੋ ਅੰਦੋਲਨਾਂ ਚੋੰ ਗ੍ਰਿਫਤਾਰ ਕਰਕੇ ਮੋਦੀ ਸਰਕਾਰ ਵੱਲੋੰ ਨਾਗਰਿਕਤਾ ਸੋਧ ਕਨੂੰਨ ਖਿਲਾਫ ਚੱਲੇ ਦੇਸ਼ ਵਿਆਪੀ ਸੰਘਰਸ਼ ਦੀ ਤਰਜ਼ ਤੇ ਕਿਸਾਨਾਂ ਨੂੰ ਦਹਿਸ਼ਤਜ਼ਦਾ ਕਰਕੇ ਅਤੇ ਘੋਲ਼ ਵਿੱਚ ਫੁੱਟ ਪਵਾਕੇ ਦਿੱਲੀ ਕਿਸਾਨ ਮੋਰਚੇ ਨੂੰ ਕੁਚਲਣ ਦੇ ਨਾਪਾਕ ਮਨਸੂਬੇ ਘੜੇ ਗਏ ਸਨ ਪਰ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੀ ਠੋਸ ਅਗਵਾਈ ਅਤੇ ਲੋਕਾਂ ਦੇ ਵੱਡੇ ਸਹਿਯੋਗ ਸਦਕਾ ਦਿੱਲੀ ਬਾਰਡਰਾਂ ਤੇ ਮਘੇ ਕਿਸਾਨ ਮੋਰਚੇ, ਤਿੰਨੋੰ ਖੇਤੀ ਕਨੂੰਨਾਂ ਦੀ ਮੁਕੰਮਲ ਵਾਪਸੀ ਲਈ ਪੱਕੇ ਪੈਰੀਂ ਡਟੇ ਹੋਏ ਹਨ।ਕਿਸਾਨ ਮੋਰਚੇ ਦੇ ਲੀਗਲ ਸੈਲ ਵੱਲੋੰ ਕੀਤੇ ਜਾ ਰਹੇ ਜੀਤੋੜ ਯਤਨਾਂ ਸਦਕਾ ਹੁਣ ਤੱਕ 50 ਤੋੰ ਵੱਧ ਨੌਜਵਾਨ ਜੇਲਾਂ ਤੋੰ ਬਾਹਰ ਆ ਚੱਕੇ ਹਨ। ਬੁਲਾਰਿਆਂ ਨੇ ਮੋਦੀ ਸਰਕਾਰ ਦੀ ਸ਼ਹਿ ਉੱਤੇ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਤੇ ਕਿਸਾਨ ਆਗੂਆਂ ਖਿਲਾਫ਼ ਸੋਸ਼ਲ ਮੀਡੀਆ ਤੇ ਝੂਠਾ ਪ੍ਰਚਾਰ ਕਰਨ ਅਤੇ ਧਮਕੀਆਂ ਦੇਣ ਵਾਲੀਆਂ ਫੁੱਟਪਾਊ ਤਾਕਤਾਂ ਖਿਲਾਫ ਅਤੇ ਘੋਲ਼ ਦੀ ਰਾਖੀ ਲਈ ਹਰ ਮੁਹਾਜ਼ ਤੇ ਲੋਕ ਤਾਕਤ ਨਾਲ਼ ਡਟਕੇ ਪਹਿਰਾ ਦੇਣ ਦਾ ਪ੍ਰਣ ਕੀਤਾ।
ਕਿਸਾਨ ਆਗੂਆਂ ਸੁਖਦੇਵ ਸਿੰਘ,ਪਰਵੀਨ ਖਾਂਗ ਅਤੇ ਕੁਲਦੀਪ ਚੁਨਾਗਰਾ ਨੇ ਦੱਸਿਆ ਕਿ 26 ਫਰਵਰੀ ਨੂੰ ਦਿੱਲੀ ਕਿਸਾਨ ਮੋਰਚੇ ਦੇ ਪੂਰੇ ਹੋ ਰਹੇ ਤਿੰਨ ਮਹੀਨਿਆਂ ਮੌਕੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ ਦੇ ਦਿੱਤੇ ਸੱਦੇ ਤਹਿਤ ਪਾਤੜਾਂ ਇਲਾਕੇ ਚੋੰ ਨੌਜਵਾਨਾਂ ਦੇ ਜੱਥੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਖਾ ਪਾਤੜਾਂ, ਚਰਨਜੀਤ ਕੌਰ, ਬੂਟਾ ਸਿੰਘ, ਨਰਾਤਾ ਸਿੰਘ, ਸ਼ੁਬੇਗ ਸਿੰਘ, ਜਗਪਾਲ ਸ਼ਰਮਾ, ਸਿਮਰਨਜੀਤ ਸਿੰਘ, ਰਾਜੂ ਸੇਲਵਾਲਾ, ਜਾਨਪਾਲ ਸਿੰਘ, ਕੁਲਵੰਤ ਸਿੰਘ ਸਮੇਤ ਪਿੰਡਾਂ ਚੋੰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਫੋਟੋ : ਪਾਤੜਾਂ ਵਿਖੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਦੇ ਹੋਏ ਕਿਸਾਨ ।
Please Share This News By Pressing Whatsapp Button