
ਪਿੰਡ ਭਾਂਨਰੀ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਬਲਬੇੜਾ/ਡਕਾਲਾ, 23 ਫਰਵਰੀ (ਗੁਰਸੇਵਕ ਸਿੰਘ ਕਰਹਾਲੀ ਸਾਹਿਬ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਜਸਵਿੰਦਰ ਸਿੰਘ ਦੀ ਟੀਮ ਵੱਲੋਂ ਸਾਬਕਾ ਵਿਧਾਨ ਸਭਾ ਹਲਕਾ ਡਕਾਲਾ ਦੇ ਨੇੜਲੇ ਪਿੰਡ ਭਾਂਨਰੀ, ਬਲਾਕ ਪਟਿਆਲਾ ਵਿਖੇ ਦੁੱਧ ਉਤਪਾਦਕਾਂ ਦੀ ਆਮਦਨ ਦੁੱਗਣੀ ਕਰਨ ਲਈ ਦੁੱਧ ਉਤਪਾਦਕਾਂ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ‘ਚ ਵਿੱਚ 104 ਦੁੱਧ ਉਤਪਾਦਕਾਂ ਨੇ ਭਾਗ ਲਿਆ। ਕੈਂਪ ਦੌਰਾਨ ਡਿਪਟੀ ਡਾਇਰੈਕਟਰ ਪੰਜਾਬ ਡੇਅਰੀ ਵਿਕਾਸ ਬੋਰਡ ਪਟਿਆਲਾ ਸ੍ਰੀ ਅਸ਼ੋਕ ਰੌਣੀ ਨੇ ਅਗਾਂਹਵਧੂ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਅਤੇ ਪਸ਼ੂਆਂ ਦੀਆਂ ਨਸਲਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਿਲਕਫੈਡ ਦੇ ਖਰੀਦ ਮੈਨੇਜਰ (ਸੇਵਾਮੁਕਤ) ਸ. ਗੁਲਜਾਰ ਸਿੰਘ ਵੱਲੋਂ ਕੱਟੀਆਂ ਵੱਛੀਆਂ ਦੀ ਸਾਂਭ ਸੰਭਾਲ ਅਤੇ ਪਸ਼ੂ ਖੁਰਾਕ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਦੁੱਧ ਤੋਂ ਹੋਰ ਪਦਾਰਥ ਬਣਾਉਣ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਵੈਟਨਰੀ ਅਫ਼ਸਰ ਡਾ. ਨਵਪ੍ਰੀਤ ਕੌਰ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਬਚਾਓ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਗਈ। ਏਰੀਆ ਇੰਚਾਰਜ ਡੇਅਰੀ ਵਿਕਾਸ ਇੰਸਪੈਕਟਰ ਜੈ ਕਿਸ਼ਨ ਵੱਲੋਂ ਸਾਫ਼ ਦੁੱਧ ਦੀ ਪੈਦਾਵਾਰ ਸਬੰਧੀ ਜ਼ਰੂਰੀ ਨੁਕਤੇ ਦੁੱਧ ਉਤਪਾਦਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਗੋਲਡੀ ਨੇ ਕੈਂਪ ‘ਚ ਪਹੁੰਚਕੇ ਸਮੂਹ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਦੁੱਧ ਉਤਪਾਦਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਅਜਿਹੇ ਕੈਂਪ ਹੋਰ ਲਗਾਏ ਜਾਣਗੇ ਤਾਂ ਕਿ ਦੁੱਧ ਉਤਪਾਦਕਾਂ ਨੂੰ ਕਿੱਤੇ ਦੀਆਂ ਬਰੀਕੀਆਂ ਸਬੰਧੀ ਸਮੇਂ-ਸਮੇਂ ‘ਤੇ ਜਾਣਕਾਰੀ ਦਿੱਤੀ ਜਾ ਸਕੇ ਅਤੇ ਦੁੱਧ ਉਤਪਾਦਨ ਦੇ ਕਿੱਤੇ ਨੂੰ ਹੋਰ ਮੁਨਾਫ਼ੇ ਦਾ ਕਿੱਤਾ ਬਣਾਇਆ ਜਾ ਸਕੇ।
Please Share This News By Pressing Whatsapp Button