
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ ਜਾਰੀ
ਪਾਬੰਦੀਆਂ 1 ਮਾਰਚ 2021 ਤੋਂ ਹੋਣਗੀਆਂ ਲਾਗੂ
ਪਟਿਆਲਾ, 26 ਫਰਵਰੀ:(ਬਲਵਿੰਦਰ ਪਾਲ)
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ‘ਚ 1 ਮਾਰਚ 2021 ਤੋਂ ਇਨਡੋਰ ਅਤੇ ਆਊਟਡੋਰ ਇਕੱਠਾਂ ਦੌਰਾਨ ਵਿਅਕਤੀਆਂ ਦੀ ਗਿਣਤੀ ਕ੍ਰਮਵਾਰ 100 ਅਤੇ 200 ਤੱਕ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਗ੍ਰਹਿ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ 01.03.2021 ਤੋਂ ਉਕਤ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਨ੍ਹਾਂ ਹੁਕਮਾਂ ਅਨੁਸਾਰ 1 ਮਾਰਚ 2021 ਤੋਂ ਵੱਖ-ਵੱਖ ਇਨਡੋਰ ਅਤੇ ਆਊਟਡੋਰ ਸਮਾਜਿਕ / ਧਾਰਮਿਕ / ਖੇਡਾਂ / ਮਨੋਰੰਜਨ / ਵਿਦਿਅਕ / ਸਭਿਆਚਾਰਕ / ਧਾਰਮਿਕ ਇਕੱਠਾਂ ਵਿਚ ਵਿਅਕਤੀਆਂ ਦੀ ਗਿਣਤੀ 100 ਅਤੇ 200 ਤੱਕ ਸੀਮਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬੰਦਿਸ਼ਾਂ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਹਨ ਤਾਂ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਕੋਵਿਡ ਤੋਂ ਬਚਾਅ ਲਈ ਸਮਾਜਿਕ ਦੂਰੀ (ਦੋ ਗਜ਼ ਦੀ ਦੂਰੀ) ਦੀ ਪਾਲਣਾ, ਬਾਜਾਰਾਂ ਤੇ ਜਨਤਕ ਆਵਾਜਾਈ ‘ਚ ਭੀੜ ਨੂੰ ਨਿਯਮਤ ਕਰਨਾ ਅਤੇ ਮੂੰਹ ‘ਤੇ ਮਾਸਕ ਪਹਿਨਣਾ ਤੇ ਜਨਤਕ ਤੌਰ ‘ਤੇ ਨਾ ਥੁੱਕਣ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਡਿਜਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51 ਤੋਂ 60 ਅਧੀਨ ਸਜ਼ਾਯੋਗ ਕਾਰਵਾਈ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Please Share This News By Pressing Whatsapp Button