
ਮੰਦਿਰ ‘ਚ ਕੀਤੀ ਭੰਨਤੋੜ ਦੇ ਖਿਲਾਫ ਸ਼ਰਧਾਲੂਆਂ ਨੇ ਕਾਂਗਰਸ ਸਰਕਾਰ ਦੇ ਮੇਅਰ ਖਿਲਾਫ ਕੀਤੀ ਨਾਅਰੇਬਾਜ਼ੀ
ਪਟਿਆਲਾ, 26 ਫਰਵਰੀ (ਰੁਪਿੰਦਰ ਸਿੰਘ) : ਨਗਰ ਨਿਗਮ ਵਲੋਂ ਨਾਭਾ ਗੇਟ ਵਿਖੇ ਕੀਤੀ ਗਈ ਕਾਰਵਾਈ ਦੌਰਾਨ ਮੰਦਿਰ ਦੇ ਅਗਲੇ ਹਿੱਸੇ ਦੀ ਕੀਤੀ ਗਈ ਭੰਨਤੋੜ ਦੇ ਵਿਰੋਧ ਵਿਚ ਅੱਜ ਮੰਦਿਰ ਕਮੇਟੀ ਦੇ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ ਦੇ ਨਿਰਦੇਸ਼ਾਂ ‘ਤੇ ਰਾਘੋਮਾਜਰਾ ਸਰਕਲ ਦੇ ਪ੍ਰਧਾਨ ਆਕਾਸ਼ ਸ਼ਰਮਾ ਬਾਕਸਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਥੇ ਜਿਥੇ ਕਮੇਟੀ ਮੈਂਬਰਾਂ ਅਤੇ ਸ਼ਰਧਾਲੂਆਂ ਵਲੋਂ ਨਗਰ ਨਿਗਮ ਦੀ ਇਸ ਕਾਰਵਾਈ ਨੂੰ ਕਾਫੀ ਨਿੰਦਣਯੋਗ ਅਤੇ ਹਿੰਦੂ ਸਮਾਜ ਦੇ ਖਿਲਾਫ ਕੀਤੀ ਗਈ ਕਾਰਵਾਈ ਦੱਸਿਆ ਗਿਆ, ਉਥੇ ਆਕਾਸ਼ ਬਾਸਕਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਜਾਣਬੂਝ ਕੇ ਹਿੰਦੂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਕਾਰਵਾਈ ਦੇ ਨਾਮ ‘ਤੇ ਵਿਰੋਧ ਦੇ ਬਾਵਜੂਦ ਵੀ ਭਗਵਾਨ ਸ਼ਿਵ ਦੇ ਇਤਿਹਾਸਕ ਮੰਦਿਰ ਦੇ ਅੱਗੇ ਭੰਨਤੋੜ ਕੀਤੀ ਗਈ ਜੋ ਕਿ ਹਿੰਦੂ ਸਮਾਜ ਨਾਲ ਸਿੱਧੇ ਤੌਰ ‘ਤੇ ਖਿਲਵਾੜ ਹੈ। ਜਦੋਂ ਲੋਕਾਂ ਅਤੇ ਸ਼ਰਧਾਲੂਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਲਟਾ ਇਸ ਦੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਗਏ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ। ਆਕਾਸ਼ ਬਾਕਸਰ ਨੇ ਕਿਹਾ ਕਿ ਮੇਅਰ ਵਲੋਂ ਮੰਦਿਰ ਤੋੜਨ ਦੀ ਕੀਤੀ ਗਈ ਕਾਰਵਾਈ ਕਾਰਨ ਇਲਾਕੇ ਦੀਆਂ ਸੈਂਕੜੇ ਦੀ ਗਿਣਤੀ ਵਿਚ ਔਰਤਾਂ ਨੇ ਕਾਂਗਰਸ ਸਰਕਾਰ ਵਿਰੁੱਧ ਜ਼ਰਬਰਦਸਤ ਨਾਅਰੇਬਾਜ਼ੀ ਕੀਤੀ। ਇਲਾਕੇ ਦੀਆਂ ਔਰਤਾਂ ਨੇ ਕਿਹਾ ਕਿ ਸ਼ਹਿਰ ਵਿਚ ਹੋਰ ਕਈ ਤਰ੍ਹਾਂ ਦੀਆਂ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ ਪਰ ਕਾਂਗਰਸ ਸਰਕਾਰ ਦੇ ਮੇਅਰ ਵਲੋਂ ਮੰਦਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹਿੰਦੂ ਸਮਾਜ ਨਗਰ ਨਿਗਮ ਦੀਆਂ ਅਜਿਹੀਆਂ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਮੰਗ ਕੀਤੀ ਕਿ ਇਥੇ ਮਹਾਰਾਣੀ ਪ੍ਰਨੀਤ ਕੌਰ ਅਤੇ ਨਗਰ ਨਿਗਮ ਦੇ ਮੇਅਰ ਆ ਕੇ ਮੰਦਿਰ ਦੀ ਪਹਿਲਾਂ ਵਾਲੀ ਸਥਿਤੀ ਨੂੰ ਆਪ ਆ ਕੇ ਬਹਾਲ ਕਰਨ ਨਹੀਂ ਤਾਂ ਸਮੁੱਚਾ ਸ਼ਹਿਰ ਇਥੋਂ ਤੱਕ ਕਿ ਸਮੁੱਚਾ ਹਿੰਦੂ ਸਮਾਜ ਕਾਂਗਰਸ ਨੂੰ ਕਿਸੇ ਵੀ ਕੀਮਤ ‘ਤੇ ਮੁਆਫ ਨਹੀਂ ਕਰੇਗਾ।
ਇਸ ਮੌਕੇ ਮੰਦਿਰ ਦੇ ਪੁਜਾਰੀ ਨੇ ਕਿਹਾ ਕਿ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵਲੋਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਤੋਂ ਮੰਗ ਕੀਤੀ ਕਿ ਮੇਅਰ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।
Please Share This News By Pressing Whatsapp Button