
‘ਮਹਾਨ ਦਾਰਸ਼ਨਿਕ ਅਤੇ ਸਮਾਜ ਸੁਧਾਰਕ ਸਨ ਗੁਰੂ ਰਵਿਦਾਸ ਜੀ’

27 ਫਰਵਰੀ, ਬਹਾਦਰਗੜ੍ਹ (ਹਰਜੀਤ ਸਿੰਘ) : ਗੁਰੂ ਰਵਿਦਾਸ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਗੁਰੂ ਰਵਿਦਾਸ ਮੰਦਰ ਬਹਾਦਰਗੜ੍ਹ ਵਿਖੇ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪ੍ਰਚਾਰਕਾਂ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਇੱਕ ਮਹਾਨ ਸੰਤ, ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਭਗਤੀ ਲਹਿਰ ਦੇ ਰਹਿਨੁਮਾ ਸਨ। ਜਦੋਂ ਗੁਰੂ ਰਵਿਦਾਸ ਜੀ ਨੇ ਪ੍ਰਕਾਸ਼ ਧਾਰਿਆ ਉਸ ਸਮੇਂ ਦੇਸ਼ ’ਚ ਜਾਤ ਪਾਤ ਦਾ ਭੇਦ ਬੁਲੰਦੀ ’ਤੇ ਸੀ ਅਤੇ ਗਰੀਬਾਂ ਲਾਚਾਰਾਂ ਉਪਰ ਜੁਲਮ ਢਾਹਿਆ ਜਾ ਰਿਹਾ ਸੀ। ਉਨਾਂ ਭਗਤੀ ਭਾਵ ਨਾਲ ਮਨੁੱਖਤਾ ਨੂੰ ਇਸ ਹਨੇਰੇ ’ਚੋਂ ਕੱਢ ਕੇ ਸਾਂਝੀਵਾਲਤਾ ਦੇ ਧਾਗੇ ’ਚ ਪਰੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਗੁਰੂ ਰਵਿਦਾਸ ਜੀ ਵਲੋਂ ਉਚਾਰਣ ਕੀਤੀ ਬਾਣੀ ਅੱਜ ਵੀ ਸਮਾਜ ਨੂੰ ਸੱਚ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ। ਸਮਾਗਮ ਦੌਰਾਨ ਭਾਈ ਸੁਖਵਿੰਦਰ ਸਿੰਘ ਦੇ ਰਾਗੀ ਜੱਥੇ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ ਅਤੇ ਕਥਾ ਵਾਚਕ ਭਾਈ ਮਨਜੀਤ ਸਿੰਘ ਸ਼ੇਖਪੁਰੇ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਦਰਸ਼ਨ ਕਟਾਰੀਆ, ਦਲੀਪ ਸਿੰਘ, ਗੁਰਪਾਲ ਸਿੰਘ ਸੋਨੀ, ਹਰਨੇਕ ਸਿੰਘ ਨੇਕੀ, ਮਨੋਹਰ ਲਾਲ, ਕਰਮ ਸਿੰਘ ਘੋਲਾ, ਤਰਨਵੀਰ ਹੈਰੀ, ਪ੍ਰੋ. ਜਸਪ੍ਰੀਤ ਜੱਸੀ, ਹਰਭਜਨ ਸਿੰਘ, ਸ਼ਮਸ਼ੇਰ ਸਿੰਘ, ਸਤਪਾਲ ਛੋਟਾ, ਸਤਵਿੰਦਰ ਬਬਲੂ, ਰਾਮ ਜੀ ਸਮੇਤ ਹੋਰ ਸੰਗਤ ਵਲੋਂ ਸ਼ਮੂਲੀਅਤ ਕੀਤੀ ਗਈ।
Please Share This News By Pressing Whatsapp Button