
ਸ਼ਾਹੀ ਸ਼ਹਿਰ ‘ਚ ਵਿਖੇ ਕੱਚੇ ਕਾਮੇ ਕਰਨਗੇ ਮਹਾਂ ਰੈਲੀ
ਪਾਤੜਾਂ 2 ਮਾਰਚ ( ਸੰਜੇ ਗਰਗ )
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਪਾਤੜਾਂ ਇਲਾਕੇ ਦੇ ਮਿਡ-ਡੇ-ਮੀਲ ਵਰਕਰਾਂ ਦੀ ਗੁਰਦੁਆਰਾ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਪਾਤੜਾਂ ਵਿਖੇ ਮੀਟਿੰਗ ਕਰਕੇ ਪੰਜਾਬ ਅਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ 7 ਮਾਰਚ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਲਈ ਲਾਮਬੰਦੀ ਤੇਜ਼ ਕਰ ਦਿੱਤੀ ਹੈ। ਇਸ ਲਈ ਮਿਡ ਡੇ ਮੀਲ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਿਲਾ ਸਕੱਤਰ ਗੁਰਜੀਤ ਘੱਗਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲ ਤੋਂ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਲਗਾਤਾਰ ਨੁਕਰੇ ਲਗਾ ਕੇ ਰੱਖਣ ਦੀ ਨੀਤੀ ਅਪਣਾਈ ਹੋਈ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੌਜੂਦਾ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਘਰ-ਘਰ ਵਿੱਚ ਨੌਕਰੀ ਦਿੱਤੀ ਜਾਵੇਗੀ ਅਤੇ ਮਾਣ ਭੱਤਾ ਵਰਕਰਾਂ ਸਮੇਤ ਕੱਚੇ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਜਿੱਥੇ ਉਸ ਵਾਅਦੇ ਤੋਂ ਮੁੱਕਰੀ ਹੈ ਉੱਥੇ ਹੀ ਪੱਕੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ ਜਾਰੀ ਕਰਨ, 1 ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਵੀ ਲਗਾਤਾਰ ਟਾਲਾ ਵੱਟ ਰਹੀ ਹੈ।
ਮਿਡ-ਡੇ-ਮੀਲ ਆਗੂਆਂ ਗੁਲਾਬ ਕੌਰ ਅਤੇ ਰੀਨਾ ਰਾਣੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਵਿੱਚ ਲੰਮੇ ਸਮੇਂ ਤੋਂ ਮਾਣ ਭੱਤਾ ਆਧਾਰ ਤੇ ਕੰਮ ਕਰ ਰਹੇ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਨਾ ਦੇ ਕੇ ਆਪਣੇ ਹੀ ਬਣਾਏ ਕਿਰਤ ਕਾਨੂੰਨਾਂ ਦੀ ਉਲੰਘਣਾ ਕਰ ਰਹੀ ਹੈ ਜਿਸ ਕਾਰਨ ਹਜ਼ਾਰਾਂ ਵਰਕਰਾਂ ਵਿੱਚ ਪੰਜਾਬ ਸਰਕਾਰ ਖਿਲਾਫ਼ ਰੋਸ ਦੀ ਲਹਿਰ ਹੈ।
ਜਿੱਥੇ ਪੰਜਾਬ ਦੇ ਮਿਡ-ਡੇ-ਮੀਲ ਵਰਕਰਾਂ ਨੂੰ ਬਾਰਾਂ ਮਹੀਨਿਆਂ ਦੀ ਬਜਾੲੇ ਦੱਸ ਮਹੀਨੇ ਸਿਰਫ਼ ਸਤਾਰਾਂ ਸੌ ਰੁਪਏ ਮਾਣਭੱਤਾ ਦੇ ਕੇ ਬੁੱਤਾ ਸਾਰਿਆਂ ਜਾ ਰਿਹਾ ਹੈ ਉੱਥੇ ਕਾਰਪੋਰੇਟ ਪੱਖੀ ਆਰਥਿਕ ਮਾਡਲ ਤਹਿਤ ਲਾਗੂ ਕੀਤੀਆਂ ਨੀਤੀਆਂ ਸਦਕਾ ਵਧੀ ਮਹਿੰਗਾਈ ਨੇ ਲੋਕਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਵਿਕਾਸ ਟੈਕਸ ਥੋਪਣ, ਨਵੀਂ ਭਰਤੀ ‘ਤੇ ਗਲਤ ਢੰਗ ਨਾਲ ਤਨਖਾਹ ਗਰੇਡ ਘਟਾ ਕੇ ਕੇਂਦਰੀ ਸਕੇਲ ਲਾਗੂ ਕਰਨ ਅਤੇ ਨਵੀਂ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਫੰਡ ਵਿੱਚ ਸਰਕਾਰੀ ਹਿੱਸੇਦਾਰੀ ਵਿੱਚੋਂ 4% ਹਿੱਸੇ ਨੂੰ ਟੈਕਸਯੋਗ ਬਣਾ ਕੇ ਬੇਲੋੜਾ ਵਿੱਤੀ ਬੋਝ ਪਾਉਣ ਵਰਗੇ ਫੈਸਲੇ ਲੈ ਕੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਜਸਵੀਰ ਕੌਰ, ਬੇਅੰਤ ਕੌਰ ਨਿਆਲ, ਰਾਜ ਰਾਣੀ,ਲਖਵੀਰ ਕੌਰ, ਨਿਰਮਲਾਂ ਦੇਵੀ, ਮਨਜੀਤ ਕੌਰ,ਗੁਰਮੇਲ ਕੌਰ,ਜਸਵਿੰਦਰ ਕੌਰ ਆਦਿ ਹਾਜ਼ਰ ਸਨ ।
Please Share This News By Pressing Whatsapp Button