
-ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਨੇ ਕੇਂਦਰੀ ਜੇਲ ਵਿਖੇ ਆਰਸੇਟੀ ਦੇ 210ਵੇਂ ਸਿਖਲਾਈ ਬੈਚ ਦੇ ਸਰਟੀਫਿਕੇਟ ਵੰਡੇ
ਪਟਿਆਲਾ, 2 ਮਾਰਚ:( ਬਲਵਿੰਦਰ ਪਾਲ)
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਕਿਹਾ ਹੈ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਜੇਲਾਂ ਦੇ ਬੰਦੀਆਂ ਨੂੰ ਸੁਧਾਰਨ ਤੇ ਮੰਤਵ ਨਾਲ ਵੱਖ-ਵੱਖ ਕਿੱਤਾ ਮੁਖੀ ਕੋਰਸ ਕਰਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੰਦੀ ਜੇਲਾਂ ਤੋਂ ਬਾਹਰ ਜਾ ਕੇ ਆਪਣਾ ਰੋਜ਼ਗਾਰ ਖ਼ੁਦ ਕਮਾਉਣ ਲਈ ਯੋਗ ਬਣਨਗੇ ਅਤੇ ਅਪਰਾਧ ਦੀ ਦੁਨੀਆਂ ਤੋਂ ਦੂਰ ਰਹਿਣਗੇ।
ਸ੍ਰੀ ਅਗਰਵਾਲ ਅੱਜ ਇੱਥੇ ਕੇਂਦਰੀ ਜੇਲ ਵਿਖੇ ਸਟੇਟ ਬੈਂਕ ਆਫ਼ ਪਟਿਆਲਾ ਦੇ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਆਰਸੇਟੀ ਦੇ ਸਹਿਯੋਗ ਨਾਲ ਮਹਿਲਾ ਬੰਦੀਆਂ ਨੂੰ ਹੁਨਰਮੰਦ ਬਣਾਉਣ ਦੇ 210ਵੇਂ ਕੋਰਸ ਦੀ ਸਮਾਪਤੀ ਮੌਕੇ ਮਹਿਲਾ ਬੰਦੀਆਂ ਨੂੰ ਸਰਟੀਫਿਕੇਟ ਵੰਡਣ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਜੇਲਾਂ ‘ਚ ਬੰਦੀਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਨਾਲ ਜਿੱਥੇ ਇਨ੍ਹਾਂ ਨੂੰ ਕੁਝ ਮਿਹਨਤਾਨਾ ਮਿਲਦਾ ਹੈ ਉਥੇ ਹੀ ਬੰਦੀਆਂ ਦਾ ਜੇਲਾਂ ਵਿਚਲਾ ਵਿਹਲਾ ਸਮਾਂ ਵੀ ਵਿਅਰਥ ਨਹੀਂ ਜਾਂਦਾ।
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਕਿਹਾ ਕਿ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਨ ਦੀ ਸਮੱਸਿਆ ਤੋਂ ਬਚਾਉਣ ਅਤੇ ਸਾਡਾ ਆਲਾ ਦੁਆਲਾ ਪਲਾਸਟਿਕ ਮੁਕਤ ਰੱਖਣ ਲਈ ਜੂਟ ਦੀਆਂ ਵਸਤਾਂ ਦੀ ਵਰਤੋਂ ਕਰਨੀ ਚੰਗੀ ਗੱਲ ਹੈ। ਉਨ੍ਹਾਂ ਨੇ ਆਰਸੇਟੀ ਨੂੰ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਵਧਾਈ ਦਿੱਤੀ।
ਇਸ ਮੌਕੇ ਕੇਂਦਰੀ ਜੇਲ ਦੇ ਸੁਪਰਡੈਂਟ ਸ. ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ) ਦੇ ਯਤਨਾ ਨਾਲ ਜੇਲ੍ਹ ਅੰਦਰ ਬੰਦੀਆਂ ਦੇ ਪੁਨਰਵਾਸ ਲਈ ਕੇਂਦਰੀ ਜੇਲ੍ਹ ਦੀ ਫੈਕਟਰੀ ਨੂੰ ਮੁੜ ਲੀਹਾਂ ‘ਤੇ ਲਿਆਉਣ ਲਈ ਉਪਰਾਲੇ ਜਾਰੀ ਹਨ।
ਸ੍ਰੀ ਨੰਦਗੜ੍ਹ ਨੇ ਦੱਸਿਆ ਕਿ ਦਿਹਾਤੀ ਵਿਕਾਸ ਮੰਤਰਾਲੇ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਆਰਸੇਟੀ ਸੰਸਥਾ ਦੇ ਸਹਿਯੋਗ ਨਾਲ ਜੇਲ੍ਹ ਅੰਦਰ ਬੰਦੀਆਂ ਨੂੰ ਵਿਸ਼ੇਸ਼ ਹੁਨਰ ਦੇਣ ਅਤੇ ਬੰਦੀਆਂ ਨੂੰ ਵੱਖ-ਵੱਖ ਹੁਨਰਾਂ ਵਿੱਚ ਨਿਪੁੰਨ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਬੰਦੀ ਮਹਿਲਾਵਾਂ ਨੂੰ ਜੂਟ ਤੋਂ ਫਾਈਲਾਂ, ਬੈਗ,ਹੈਂਡ ਬੈਗ, ਸਜਵਾਟੀ ਸਮਾਨ ਆਦਿ ਤਿਆਰ ਕਰਨ ਲਈ ਟ੍ਰੇਨਿੰਗ ਕਰਵਾਈ ਗਈ ਹੈ।
ਇਸ ਮੌਕੇ ਆਰਸੇਟੀ ਦੇ ਡਾਇਰੈਕਟਰ ਸ੍ਰੀ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਇਹਨਾ ਬੰਦੀ ਔਰਤਾਂ ਦਾ ਜੂਟ ਦੇ ਸਮਾਨ ਬਣਾਉਣ ਦਾ ਪੇਪਰ ਲਿਆ ਗਿਆ ਹੈ, ਜਿਸ ਵਿੱਚ ਸਾਰੀਆਂ ਬੰਦੀ ਔਰਤਾਂ ਚੰਗੇ ਨੰਬਰਾਂ ਨਾਲ ਪਾਸ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਹੋਣ ‘ਤੇ ਆਪਣਾ ਕੰਮ ਸ਼ੁਰੂ ਕਰਨ ਲਈ ਸਟੇਟ ਬੈਂਕ ਆਫ ਇੰਡੀਆਂ ਵੱਲੋਂ ਸਬਸਿਡੀ ‘ਤੇ ਕਰਜਾ ਵੀ ਮੁਹੱਈਆ ਕਰਵਾਇਆ ਜਾਵੇਗਾ।
Please Share This News By Pressing Whatsapp Button