
ਸੰਸਦ ਮੈਂਬਰ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਧਰਮਸੋਤ ਨੇ ਸਿੰਘੂ ਬਾਰਡਰ ‘ਤੇ ਕਿਸਾਨ ਸੰਘਰਸ਼ ‘ਚ ਫ਼ੌਤ ਹੋਏ ਨੌਵਜਾਨ ਨਵਜੋਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆ

ਭਾਦਸੋਂ, ਪਟਿਆਲਾ, 5 ਮਾਰਚ:(ਬਲਵਿੰਦਰ ਪਾਲ)
ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਭਾਦਸੋਂ ਨੇੜਲੇ ਪਿੰਡ ਖੇੜੀ ਜੱਟਾਂ ਵਿਖੇ ਪੁੱਜ ਕੇ ਸਿੰਘੂ ਬਾਰਡਰ ‘ਤੇ ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਨਵਜੋਤ ਸਿੰਘ ਦੇ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ। ਇਸ ਮੌਕੇ ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਸਹਾਇਤਾ ਰਾਸ਼ੀ 5 ਲੱਖ ਰੁਪਏ ਦੇਣ ਅਤੇ ਨੌਜਵਾਨ ਦੇ ਨਾਮ ‘ਤੇ ਪਿੰਡ ਨੂੰ ਲੌਟ ਮੰਡੀ ਨਾਲ ਜੋੜਦੀ 2 ਕਿਲੋਮੀਟਰ ਸੜਕ ਬਣਾਉਣ ਦਾ ਵੀ ਭਰੋਸਾ ਦਿੱਤਾ।
18 ਸਾਲਾ ਨੌਜਵਾਨ ਨਵਜੋਤ ਸਿੰਘ, ਜਿਸ ਦਾ ਕਿ ਲੰਘੀ 26 ਫਰਵਰੀ ਨੂੰ ਸਿੰਘੂ ਬਾਰਡਰ ‘ਤੇ ਅਚਾਨਕ ਦੇਹਾਂਤ ਹੋ ਗਿਆ ਸੀ, ਆਪਣੇ ਮਾਪਿਆਂ ਜਸਵਿੰਦਰ ਸਿੰਘ ਅਤੇ ਬਲਜੀਤ ਕੌਰ ਦੀ ਇਕਲੌਤੀ ਸੰਤਾਨ ਸੀ, ਨਮਿਤ ਅੱਜ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਤੋਂ ਪਹਿਲਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦਾ ਅੜੀਅਲ ਵਤੀਰਾ ਕਿਸਾਨਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਜਵਾਨ ਪੁੱਤਰ ਦੀ ਮੌਤ ਮਾਪਿਆਂ ਲਈ ਪਹਾੜ ਟੁੱਟਣ ਦੀ ਤਰ੍ਹਾਂ ਹੈ ਪਰੰਤੂ ਉਹ ਪ੍ਰਮਾਤਮਾ ਦੇ ਚਰਨਾਂ ‘ਚ ਇਸ ਅਸਿਹ ਦੁੱਖ ਨੂੰ ਸਹਿਣ ਦਾ ਬਲ ਬਖ਼ਸ਼ਣ ਲਈ ਅਰਦਾਸ ਕਰਦੇ ਹਨ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਪਰਿਵਾਰ ਦੀ ਇਸ ਦੁੱਖ ਦੀ ਘੜੀ ‘ਚ ਉਹ ਖ਼ੁਦ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿੱਥੇ ਇਸ ਪਰਿਵਾਰ ਦੇ ਨਾਲ ਖੜੀ ਹੈ ਉਥੇ ਹੀ ਸਰਕਾਰ ਸੰਘਰਸ਼ ਕਰ ਰਹੇ ਕਿਸਾਨਾਂ ਦੇ ਵੀ ਨਾਲ ਖੜ੍ਹੀ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਕਿਸਾਨਾਂ ਦੀਆਂ ਸ਼ਹਾਦਤਾਂ ਅਜਾਂਈ ਨਹੀਂ ਜਾਣਗੀਆਂ ਅਤੇ ਕੇਂਦਰ ਸਰਕਾਰ ਨੂੰ ਇਹ ਕਿਸਾਨ ਮਾਰੂ ਕਾਨੂੰਨ ਹਰ ਹਾਲ ਵਾਪਸ ਲੈਣੇ ਹੀ ਪੈਣਗੇ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਜੀ.ਐਸ.ਟੀ. ਤੇ ਨੋਟਬੰਦੀ ਨਾਲ ਦੇਸ਼ ਵਾਸੀਆਂ ਦਾ ਕਚੂਮਰ ਕੱਢਿਆ ਤੇ ਫੇਰ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਸੰਸਦ ਮੈਂਬਰਾਂ ਨੂੰ ਵਿਕਾਸ ਲਈ ਦਿੱਤਾ ਜਾਦਾ ਐਮ.ਪੀ ਲੈਡ ਫੰਡ ਵੀ ਬੰਦ ਕਰਕੇ ਵਿਕਾਸ ਦੀ ਗਤੀ ਰੋਕ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਸੰਸਦ ‘ਚ ਸਵਾਲ ਵੀ ਕੀਤਾ ਸੀ ਪਰੰਤੂ ਅਜੇ ਤੱਕ ਇਸਦਾ ਜਵਾਬ ਨਹੀਂ ਦਿੱਤਾ ਗਿਆ।
ਸੰਸਦ ਮੈਂਬਰ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਤਾਂ ਕੀ ਕਰਨੀ ਸੀ ਸਗੋਂ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਨਾਲ ਮਾਰਨਾਂ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸਸਤਾ ਆਨਾਜ਼ ਮੁਹੱਈਆ ਕਰਵਾਉਣ ਲਈ ਸਹਾਈ ਐਫ਼.ਸੀ.ਆਈ. ਨੂੰ ਹੀ ਤੋੜਿਆ ਜਾ ਰਿਹਾ ਹੈ। ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਦਾ ਭੁਗਤਾਨ ਵੀ ਰੋਕਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੂਰੇ ਹਿੰਦਸਤਾਨ ‘ਚ ਨਿਵੇਕਲੀ ਪਹਿਲਕਦਮੀ ਕਰਦਿਆਂ ਕਿਸਾਨੀ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏਦੀ ਵਿਤੀ ਸਹਾਇਤਾ ਅਤੇ ਇੱਕ ਪਰਿਵਾਰਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ‘ਚ ਕਾਂਗਰਸ ਪਾਰਟੀ ਨੂੰ 65 ਫੀਸਦੀ ਮੱਤਦਾਨ ਦੇ ਕੇ ਪੰਜਾਬ ‘ਚ ਵਿਰੋਧੀ ਪਾਰਟੀਆਂ ਨੂੰ ਸੀਸ਼ਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹੋ ਵਿਰੋਧੀ ਪਾਰਟੀਆਂ, ਜਿਨ੍ਹਾਂ ਕੋਲ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਕੋਈ ਮੁੱਦਾ ਨਹੀਂ, ਅੱਜ ਵਿਧਾਨ ਸਭਾ ‘ਚ ਬਹਿਸ ਤੋਂ ਭੱਜ ਰਹੀਆਂ ਹਨ।
ਇਸ ਮੌਕੇ ਨਵਜੋਤ ਸਿੰਘ ਦੀ ਦਾਦੀ ਅਮਰਜੀਤ ਕੌਰ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤ ਪ੍ਰਤਾਪ ਸਿੰਘ, ਕਾਂਗਰਸ ਦੇ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ, ਚੇਅਰਮੈਨ ਪਰਮਜੀਤ ਸਿੰਘ ਕੱਲਰਮਾਜਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਪਾਲ ਸਿੰਘ ਗੋਗੀ ਟਿਵਾਣਾ, ਪੀ.ਏ. ਕਾਬਲ ਸਿੰਘ, ਡੀ.ਐਸ.ਪੀ. ਰਜੇਸ਼ ਛਿੱਬੜ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ, ਪਿੰਡ ਦੇ ਸਰਪੰਚ ਬਲਕਾਰ ਸਿੰਘ, ਐਸ.ਐਚ.ਓ ਅੰਮਿਤਵੀਰ ਸਿੰਘ, ਅਮਰੀਕ ਸਿੰਘ ਭੰਗੂ, ਸਰਪੰਚ ਨੇਤਰ ਸਿੰਘ ਘੁੰਡਰ, ਸੁਖਬੀਰ ਸਿੰਘ ਪੰਧੇਰ, ਧਰਮ ਸਿੰਘ ਸੰਧਨੌਲੀ, ਤੇਜਿੰਦਰ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।
Please Share This News By Pressing Whatsapp Button