
ਔਰਤ ਦਿਵਸ ਮੌਕੇ ਮਲਟੀਪਰਪਜ਼ ਸਕੂਲ ਦੀ ਸੇਵਾ ਮੁਕਤ ਅਧਿਆਪਕਾ ਤੇ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਪਟਿਆਲਾ, 9 ਮਾਰਚ (ਰੁਪਿੰਦਰ ਸਿੰਘ) : ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਕੌਮਾਂਤਰੀ ਔਰਤ ਦਿਵਸ ਮੌਕੇ ਪ੍ਰਭਾਵਸ਼ਾਲੀ ਤੇ ਸਾਦੇ ਸਮਾਗਮ ਦੌਰਾਨ ਸਕੂਲ ਦੀ ਹਾਈ ਬ੍ਰਾਂਚ ਦੀ ਸੇਵਾਮੁਕਤ ਅਧਿਆਪਕਾ ਕਰਮਜੀਤ ਕੌਰ ਅਤੇ ਹੋਣਹਾਰ ਵਿਦਿਆਰਥਣਾਂ ਦਾ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਤੇ ਸਟਾਫ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਲੈਕਚਰਾਰ ਡਾ. ਆਸ਼ਾ ਕਿਰਨ ਵੱਲੋਂ ਔਰਤ ਦਿਵਸ ਦੇ ਇਤਿਹਾਸ ਅਤੇ ਅਹਿਮੀਅਤ ਬਾਰੇ ਵਿਸ਼ੇਸ਼ ਭਾਸ਼ਨ ਦਿੱਤਾ। ਉਨ੍ਹਾਂ ਅਪੀਲ ਕੀਤੀ ਕਿ ਸਭ ਤੋਂ ਪਹਿਲਾ ਔਰਤ ਨੂੰ ਆਪਣੇ ਸਵੈਮਾਣ ਅਤੇ ਹੱਕਾਂ ਲਈ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਸ ਨਾਲ ਸਾਡੇ ਸਮਾਜ ‘ਚ ਔਰਤ ਨੂੰ ਢੁਕਵਾਂ ਸਥਾਨ ਮਿਲੇਗਾ। ਪ੍ਰਿੰ. ਤੋਤਾ ਸਿੰਘ ਚਹਿਲ ਨੇ ਕਿਹਾ ਕਿ ਸਾਡੇ ਸਮਾਜ ਦੇ ਬਹੁਤ ਸਾਰੇ ਖੇਤਰਾਂ ‘ਚ ਔਰਤਾਂ ਨੂੰ ਇਨਸਾਨ ਵਜੋਂ ਸੰਬੋਧਤ ਕੀਤਾ ਜਾਂਦਾ ਹੈ ਅਤੇ ਤਰਸ ਦੇ ਪਾਤਰ ਵਜੋਂ ਦੇਖਿਆ ਜਾਂਦਾ ਹੈ ਜਦੋਂ ਕਿ ਅੱਜ ਦੀ ਔਰਤ ਹਰ ਖੇਤਰ ‘ਚ ਮਰਦਾਂ ਦੇ ਬਰਾਬਰ ਚੱਲ ਰਹੀ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਸਾਡੇ ਦੇਸ਼ ‘ਚ ਜਿਉਂ-ਜਿਉਂ ਸਾਖਰਤਾ ਦਰ ਵਧ ਰਹੀ ਹੈ, ਔਰਤਾਂ ਨੂੰ ਬਰਾਬਰੀ ਵੀ ਮਿਲਣ ਲੱਗੀ ਹੈ। ਉਨ੍ਹਾਂ ਆਪਣੇ ਸਕੂਲ ਦੀਆਂ ਵੱਖ-ਵੱਖ ਖੇਤਰਾਂ ‘ਚ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੀਆਂ ਲੜਕੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਨਮਾਨਿਤ ਕੀਤੀਆਂ ਗਈਆਂ ਸਕੂਲ ਦੀਆਂ ਵਿਦਿਆਰਥਣਾਂ ‘ਚ ਕੌਮੀ ਪੱਧਰ ਦੀ ਕ੍ਰਿਕਟਰ ਅੰਜਲੀ, ਰੰਗਮੰਚ ਦੀਆਂ ਕਲਾਕਾਰਾਂ ਜਸ਼ਨਪ੍ਰੀਤ ਕੌਰ, ਸਿਮਰਤਰਾਜ ਸਿੰਘ, ਤਨੂਜਾ, ਮਹਿਕ ਅਤਾਪੁਰੀ ਤੇ ਕਿਰਨ ਸ਼ਾਮਲ ਸਨ। ਸਕੂਲ ਦੀ ਨਾਟ ਮੰਡਲੀ ਵੱਲੋਂ ਔਰਤਾਂ ਨਾਲ ਸਬੰਧਤ ਨਾਟਕ ‘ਮੇਰਾ ਘਰ ਕਿਹੜਾ’ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਲੈਕਚਰਾਰ ਡਾ. ਪੁਸ਼ਪਿੰਦਰ ਕੌਰ, ਡਾ. ਅਮਰਜੀਤ ਕੌਰ, ਸੰਜੀਵਨ ਕੌਰ, ਮਾਲਵਿੰਦਰ ਕੌਰ, ਅਨੀਤਾ ਅਗਰਵਾਲ, ਅਮਰਜੀਤ ਸ਼ਰਮਾ, ਕਮਲਜੀਤ ਕੌਰ, ਹਰਦੀਪ ਕੌਰ, ਜਸਵੀਰ ਕੌਰ, ਸੰਗੀਤਾ ਸ਼ਰਮਾ ਤੇ ਸੁਖਵਿੰਦਰ ਕੌਰ ਤੇ ਸਮੁੱਚਾ ਸਟਾਫ ਮੌਜੂਦ ਸੀ।
Please Share This News By Pressing Whatsapp Button