ਈ-ਪ੍ਰਾਸਪੈਕਟਸ ਪੇਸ਼ ਕਰ ਰਹੇ ਹਨ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਵਾਲੀ ਤਸਵੀਰ ਈ-ਪ੍ਰਾਸਪੈਕਟਸ ਸਿੱਖਿਆ ਵਿਭਾਗ ਦੀ ਇੱਕ ਹੋਰ ਨਿਵੇਕਲੀ ਪਹਿਲਕਦਮੀ
ਪਟਿਆਲਾ 13 ਮਾਰਚ-(ਬਲਵਿੰਦਰ ਪਾਲ)
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੇ ਖੇਤਰ ‘ਚ ਪਾਈਆਂ ਜਾ ਰਹੀਆਂ ਨਿਵੇਕਲੀਆਂ ਪੈੜਾਂ ‘ਚ ਵਾਧਾ ਕਰਦਿਆਂ ਰਾਜ ਦੇ ਸਰਕਾਰੀ ਸਕੂਲਾਂ ‘ਚ ਈ-ਪ੍ਰਾਸਪੈਕਟਸ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਉਕਤ ਜਾਣਕਾਰੀ ਦਿੰਦਿਆ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਸਰਕਾਰੀ ਸਕੂਲਾਂ ਵੱਲੋਂ ਚਲਾਈ ਈ-ਪ੍ਰਾਸਪੈਕਟ ਮੁਹਿੰਮ ਰਾਹੀਂ ਸਰਕਾਰੀ ਸਕੂਲਾਂ ਦੇ ਮੁਖੀ ਆਪਣੇ ਸਕੂਲਾਂ ਦੀਆਂ ਬਿਹਤਰੀਨ ਪ੍ਰਾਪਤੀਆਂ ਨੂੰ ਦਰਸਾ ਰਹੇ ਹਨ। ਇਸ ਦੇ ਨਾਲ ਹੀ ਮਾਪਿਆਂ ਨੂੰ ਬਿਨਾਂ ਕਿਸੇ ਖਰਚੇ ਦੇ ਇਹ ਈ-ਪ੍ਰਾਸਪੈਕਟਸ ਦੀ ਸੁਵਿਧਾ ਤਾਂ ਮਿਲ ਹੀ ਰਹੀ ਹੈ ਨਾਲ ਹੀ ਆਮ ਲੋਕਾਂ ਨੂੰ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬਿਹਤਰੀਨ ਬੁਨਿਆਦੀ ਤੇ ਢਾਂਚਾਗਤ ਸਿੱਖਿਆ ਸਹੂਲਤਾਂ ਬਾਰੇ ਜਾਣਕਾਰੀ ਮਿਲ ਰਹੀ ਹੈ।
ਉਕਤ ਅਧਿਕਾਰੀਆਂ ਨੇ ਦੱਸਿਆ ਕਿ ਈ-ਪ੍ਰਾਸਪੈਕਟਸ ਦੇ ਮੁੱਖ ਪੰਨੇ ਨੂੰ ਸਕੂਲ ਮੁਖੀ ਸਕੂਲਾਂ ਦੇ ਸੋਹਣੇ ਅਤੇ ਵੱਡ-ਆਕਾਰੀ ਮੁੱਖ ਗੇਟਾਂ, ਰੰਗਦਾਰ ਇਮਾਰਤਾਂ, ਬੱਚਿਆਂ ਦੀਆਂ ਕਿਰਿਆਵਾਂ ਅਤੇ ਵਿਭਾਗ ਵੱਲੋਂ ਜਾਰੀ ਵੱਖ-ਵੱਖ ਮੁਹਿੰਮਾਂ ਦੇ ਪੋਸਟਰਾਂ ਨਾਲ ਸਜਾ ਰਹੇ ਹਨ। ਇਸਦੇ ਨਾਲ ਹੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸੁਨੇਹਿਆਂ ਨਾਲ ਭਰਪੂਰ ਈ-ਪ੍ਰਾਸਪੈਕਟਸ ਵਿੱਚ ਸਮਾਰਟ ਕਲਾਸ ਰੂਮਜ਼ ਅੰਦਰ ਸੁਸੱਜਿਤ ਆਧੁਨਿਕ ਸੁਵਿਧਾਵਾਂ ਅਤੇ ਉਨ੍ਹਾਂ ਨਾਲ ਕਿਰਿਆਵਾਂ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਤਸਵੀਰਾਂ ਵੀ ਲਗਾਈਆਂ ਜਾ ਰਹੀਆਂ ਹਨ। ਇਹਨਾਂ ਵਿੱਚ ਸਮਾਰਟ ਕਲਾਸ ਰੂਮਜ਼, ਲਾਇਬ੍ਰੇਰੀਆਂ, ਸਾਇੰਸ, ਗਣਿਤ, ਸਮਾਜਿਕ ਸਿੱਖਿਆ, ਅੰਗਰੇਜ਼ੀ, ਪੰਜਾਬੀ, ਮਿਊਜ਼ਿਕ ਪ੍ਰਯੋਗਸ਼ਾਲਾਵਾਂ, ਬਾਹਰ ਦੀ ਲੈਂਡ ਸਕੇਪਿੰਗ ਅਤੇ ਵੱਖ-ਵੱਖ ਵਿਸ਼ਿਆਂ ਦੇ ਵਿੱਦਿਅਕ ਪਾਰਕਾਂ ਦੀਆਂ ਫ਼ੋਟੋਆਂ ਵੀ ਲਗਾਈਆਂ ਗਈਆਂ ਹਨ। ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਸਥਾਨ ਪ੍ਰਾਪਤ ਕਰਨ ਕਰਕੇ ਹੋਣਹਾਰ ਵਿਦਿਆਰਥੀਆਂ ਜਾਂ ਚਮਕਦੇ ਸਿਤਾਰਿਆਂ ਦੇ ਕਾਲਮ ਹੇਠ ਵੀ ਈ-ਪ੍ਰਾਸਪੈਕਟਸ ਵਿੱਚ ਬੱਚਿਆਂ ਨੂੰ ਬਣਦਾ ਮਾਣ ਦਿੱਤਾ ਜਾ ਰਿਹਾ ਹੈ। ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਈ-ਪ੍ਰਾਸਪੈਕਟਸ ਤਿਆਰ ਕਰਨ ‘ਤੇ ਸਕੂਲ ਮੁਖੀਆਂ ਦੀ ਸ਼ਲਾਘਾ ਕੀਤੀ ਹੈ।
Please Share This News By Pressing Whatsapp Button