ਕੈਪਟਨ ਸਰਕਾਰ ਵੱਲੋਂ ਲਗਾਏ ਗਏ ਟੈਕਸ ਖ਼ਿਲਾਫ਼ ਨਿੱਤਰੇ ਕਾਰ ਡੀਲਰਜ਼
ਪਾਤੜਾਂ 13 ਮਾਰਚ (ਸੰਜੇ ਗਰਗ)
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਸੂਬੇ ਵਿੱਚ ਵਹੀਕਲ ਟੈਕਸ ਵਧਾਏ ਜਾਣ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਉੱਤਰੀ ਭਾਰਤ ਵਿੱਚ ਪੁਰਾਣੀਆਂ ਕਾਰਾਂ ਦੀ ਵੇਚ ਖ਼ਰੀਦ ਲਈ ਪ੍ਰਸਿੱਧ ਪਾਤੜਾਂ ਦੇ ਕਾਰ ਬਾਜ਼ਾਰ ਦੇ ਵਪਾਰੀਆਂ ਦੀ ਜਥੇਬੰਦੀ ਕਾਰ ਡੀਲਰਜ਼ ਐਸੋਸੀਏਸ਼ਨ ਪਾਤੜਾਂ ਨੇ ਮੀਟਿੰਗ ਕਰਕੇ ਸੂਬਾ ਸਰਕਾਰ ਵੱਲੋਂ ਵਧਾਏ ਗਏ ਵਹੀਕਲ ਟੈਕਸ ਦੀ ਨਿਖੇਧੀ ਕਰਦਿਆਂ ਇਸ ਨੂੰ ਟਰਾਂਸਪੋਰਟ ਦਾ ਧੰਦਾ ਕਰਨ ਵਾਲੇ ਲੋਕਾਂ ਲਈ ਮਾਰੂ ਦੱਸਿਆ ਹੈ ।
ਕਾਰ ਡੀਲਰਜ਼ ਐਸੋਸੀਏਸ਼ਨ ਪਾਤੜਾਂ ਦੇ ਆਗੂ ਵਰਿੰਦਰ ਸਿੰਘ ਵਿਰਕ ਅਤੇ ਕੁਲਦੀਪ ਸਿੰਘ ਬਿੱਟੂ ਬੰਦੇਸ਼ਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਦੀਸ਼ ਰਾਏ ਪੱਪੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੋਟਰ ਵਹੀਕਲ ਟੈਕਸ ਛੇ ਪ੍ਰਤੀਸ਼ਤ ਤੋਂ ਵਧਾ ਕੇ ਅੱਠ ਫ਼ੀਸਦੀ ਕੀਤਾ ਗਿਆ ਸੀ ਪਰ ਪਿਛਲੇ ਦਿਨੀਂ ਉਕਤ ਟੈਕਸ ਨੂੰ ਵਧਾ ਕੇ ਨੌੰ ਫੀਸਦੀ ਕਰ ਦਿੱਤਾ ਗਿਆ ਹੈ । ਟੈਕਸ ਦੇ ਵਧਣ ਨਾਲ ਪੰਜਾਬ ਦੀ ਜਨਤਾ ਤੇ ਬਹੁਤ ਵੱਡਾ ਬੋਝ ਹੈ ਅਤੇ ਟੈਕਸ ਦੇ ਵਧਣ ਨਾਲ ਸੂਬੇ ਵਿੱਚ ਪੁਰਾਣੀਆਂ ਕਾਰਾਂ ਦੀ ਵੇਚ ਖ਼ਰੀਦ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਧੰਦਾ ਚੌਪਟ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿਚ ਸੂਬੇ ਅੰਦਰ ਵਹੀਕਲ ਟੈਕਸ ਵੀ ਰੱਖਣ ਅਤੇ ਪੁਰਾਣੀਆਂ ਗੱਡੀਆਂ ਤੇ ਟੈਕਸਾਂ ਦੀਆਂ ਸਲੈਬਾਂ ਵਿੱਚ ਵੱਡਾ ਵਾਧਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ । ਇੰਨੇ ਵੱਡੇ ਪੱਧਰ ਉਤੇ ਟੈਕਸ ਲੱਗਣ ਨਾਲ ਸੂਬੇ ਵਿੱਚ ਪੁਰਾਣੀਆਂ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਹਜ਼ਾਰਾਂ ਡੀਲਰ ਬੇਰੁਜ਼ਗਾਰ ਹੋ ਜਾਣਗੇ । ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪਿਛਲੇ ਸਾਲ ਦੌਰਾਨ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਕਾਰ ਡੀਲਰਜ਼ ਤੇ ਭਾਰੀ ਬੋਝ ਪਿਆ ਅਤੇ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦਾ ਕਾਰੋਬਾਰ ਬੰਦ ਪਿਆ ਹੈ । ਇਸ ਦੌਰਾਨ ਕਾਰ ਬਾਜ਼ਾਰ ਦੇ ਵਪਾਰੀਆਂ ਨੇ ਮਤਾ ਪਾਸ ਕਰਦਿਆਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਵੱਲੋਂ ਲਗਾਇਆ ਗਿਆ ਟੈਕਸ ਤੁਰੰਤ ਵਾਪਸ ਲਿਆ ਜਾਵੇ ਤਾਂ ਕਿ ਕਾਰ ਡੀਲਰ ਆਪਣਾ ਰੁਜ਼ਗਾਰ ਚਲਾ ਕੇ ਬੱਚਿਆਂ ਅਤੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ।
Please Share This News By Pressing Whatsapp Button