ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ, 7 ਬਰਖਾਸਤ
ਪਟਿਆਲਾ, 22 ਮਾਰਚ (ਗਗਨਦੀਪ ਸਿੰਘ ਦੀਪ) : ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦਿਆਂ ਐੱਸਐੱਸਪੀ ਨੇ 7 ਜਣਿਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਵਿਚੋਂ 6 ਪੁਲਿਸ ਅਧਿਕਾਰੀ ਵਿਦੇਸ਼ ਗਏ ਤੇ ਵਾਪਸ ਨਹੀਂ ਆਏ ਹਨ।
ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਅੱਜ ਉਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ, ਜੋ ਲੰਬੇ ਸਮੇਂ ਤੋਂ ਆਪਣੀ ਡਿਊਟੀ ਤੋਂ ਗੈਰਹਾਜ਼ਰ ਚੱਲੇ ਆ ਰਹੇ ਹਨ। ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸ਼ੁਰੂ ਕੀਤੀ ਵਿਭਾਗੀ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਸੱਤ ਅਧਿਕਾਰੀਆਂ ਵਿਚੋਂ 6 ਵਿਦੇਸ਼ ਚਲੇ ਗਏ ਹਨ ਅਤੇ ਸਾਰੇ ਅੱਜ ਤਕ ਗੈਰਹਾਜ਼ਰ ਹਨ। ਵਿਕਰਮਜੀਤ ਦੁੱਗਲ ਨੇ ਕਿਹਾ ਕਿ ਪੁਲਿਸ ਫੋਰਸ ਵਿਚ ਇਸ ਕਿਸਮ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਪਰਾਧੀਆਂ ਨੂੰ ਅਨੁਸ਼ਾਸਨ ਭੰਗ ਕਰਨ ‘ਤੇ ਪੁਲਿਸ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਸਜ਼ਾ ਵੀ ਦਿੱਤੀ ਜਾਵੇਗੀ।
ਏਐੱਸਆਈ ਸਤਵਿੰਦਰ ਸਿੰਘ ਦੀ ਵਿਭਾਗੀ ਜਾਂਚ ਡੀਐੱਸਪੀ ਅੱਛਰੂ ਰਾਮ ਵੱਲੋਂ ਕੀਤੀ ਗਈ ਹੈ। ਇਸੇ ਤਰ੍ਹਾਂ ਹੈੱਡ ਕਾਂਸਟੇਬਲ ਚਰਨੋ ਦੇਵੀ ਦੀ ਵਿਭਾਗੀ ਜਾਂਚ ਡੀਐੱਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਵੱਲੋਂ, ਕਾਂਸਟੇਬਲ ਗਗਨਦੀਪ ਸਿੰਘ ਦੀ ਵਿਭਾਗੀ ਜਾਂਚ ਡੀਐੱਸਪੀ ਅਜੈ ਪਾਲ ਸਿੰਘ, ਕਾਂਸਟੇਬਲ ਮਨਿੰਦਰ ਸਿੰਘ ਦੀ ਵਿਭਾਗੀ ਜਾਂਚ ਡੀਐੱਸਪੀ ਸਮਾਣਾ ਜਸਵੰਤ ਸਿੰਘ ਮਾਂਗਟ, ਕਾਂਸਟੇਬਲ ਜਤਿੰਦਰਪਾਲ ਸਿੰਘ ਦੀ ਵਿਭਾਗੀ ਜਾਂਚ ਡੀਐੱਸਪੀ ਅੱਛਰੂ ਰਾਮ, ਕਾਂਸਟੇਬਲ ਗੁਰਪ੍ਰੀਤ ਕੌਰ ਦੀ ਵਿਭਾਗੀ ਜਾਂਚ ਡੀਐੱਸਪੀ ਪਟਿਆਲਾ ਯੋਗੇਸ਼ ਸ਼ਰਮਾ ਤੇ ਕਾਂਸਟੇਬਲ ਸੰਦੀਪ ਕੌਰ ਦੀ ਵਿਭਾਗੀ ਜਾਂਚ ਡੀਐੱਸਪੀ ਰਾਜਪੁਰਾ ਅਕਾਸ਼ਦੀਪ ਔਲਖ ਵੱਲੋਂ ਕੀਤੀ ਗਈ। ਜਾਂਚ ਮੁਕੰਮਲ ਹੋਣ ‘ਤੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਉਕਤ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
Please Share This News By Pressing Whatsapp Button