
ਕਿਸਾਨ ਜੱਥੇਬੰਦੀਆਂ ਅਤੇ ਵਪਾਰ ਮੰਡਲਾਂ ਵੱਲੋਂ ਬੰਦ ਦੀਆਂ ਤਿਆਰੀਆਂ ਲਈ ਮੀਟਿੰਗ

ਪਾਤੜਾਂ 24 ਮਾਰਚ ਪਾਤੜਾਂ ( ਸੰਜੇ ਗਰਗ)
ਤਿੰਨ ਖੇਤੀ ਕਨੂੰਨਾਂ ਖਿਲਾਫ ਉੱਠੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋੰ 26 ਮਾਰਚ ਨੂੰ ਭਾਰਤ ਬੰਦ ਕਰਨ ਦੇ ਦਿੱਤੇ ਸੱਦੇ ਨੂੰ ਕਾਮਯਾਬ ਕਰਨ ਲਈ ਕਿਰਤੀ ਕਿਸਾਨ ਯੂਨੀਅਨ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਵੱਲੋੰ ਪਾਤੜਾਂ ਸ਼ਹਿਰ ਦੀਆਂ ਵੱਖ ਵੱਖ ਵਪਾਰ ਐਸੋਸੀਏਸ਼ਨਾਂ ਨਾਲ਼ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ 26 ਮਾਰਚ ਨੂੰ ਸ਼ਹੀਦ ਭਗਤ ਸਿੰਘ ਚੌਕ ਵਿੱਚ ਸ਼ਹਿਰ ਵਾਸੀਆਂ ਅਤੇ ਪਿੰਡਾਂ ਦੇ ਸਹਿਯੋਗ ਤੇ ਸ਼ਮੂਲੀਅਤ ਨਾਲ਼ ਵਿਸ਼ਾਲ ਮੁਜ਼ਾਹਰਾ ਕਰਨ ਸਮੇਤ ਸੜਕੀ ਆਵਾਜਾਈ ਅਤੇ ਬਜ਼ਾਰਾਂ ਨੂੰ ਮੁਕੰਮਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।
ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਹੋਈ ਸਾਂਝੀ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਹਰਭਜਨ ਸਿੰਘ ਬੁੱਟਰ, ਕੁਲਵੰਤ ਸਿੰਘ ਮੌਲਵੀਵਾਲਾ ਅਤੇ ਦਲਜਿੰਦਰ ਸਿੰਘ ਨੇ ਦੱਸਿਆ ਕਿ ਪਾਤੜਾਂ ਦੀਆਂ ਅਾੜਤੀ, ਸ਼ੈਲਰ, ਪੈਸਟੀਸਾਈਡ, ਕਾਰ ਡੀਲਰ ਅਤੇ ਕਰਿਆਨਾ ਐਸੋਸੀਏਸ਼ਨਾਂ ਵੱਲੋਂ ਮੀਟਿੰਗ ਵਿੱਚ ਕਿਸਾਨ ਜੱਥੇਬੰਦੀਆਂ ਨੂੰ ਭਾਰਤ ਬੰਦ ਦੌਰਾਨ ਨਾ ਕੇਵਲ ਸਮੁੱਚਾ ਵਪਾਰ ਠੱਪ ਰੱਖਣ ਦਾ ਵਿਸ਼ਵਾਸ ਦਿੱਤਾ ਬਲਕਿ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਮੁਜ਼ਾਹਰੇ ਅਤੇ ਜਾਮ ਵਿੱਚ ਵੀ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ। ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋੰ ਲਿਆਂਦੇ ਖੇਤੀ ਕਨੂੰਨ ਕਿਸਾਨਾਂ ਦੇ ਨਾਲ਼ ਨਾਲ਼ ਮੰਡੀਕਰਨ ਨਾਲ਼ ਜੁੜੇ ਸਮੁਚੇ ਵਪਾਰ ਅਤੇ ਕਾਰੋਬਾਰ ਨੂੰ ਉਜਾੜਨ ਵਾਲੇ ਸਾਬਤ ਹੋਣਗੇ।ਨੋਟਬੰਦੀ,ਕਰੋਨਾ ਲਾਕਡਾਊਨ, ਗੁੰਝਲਦਾਰ ਜੀਐਸਟੀ ਕਾਰਨ ਬਜ਼ਾਰ ਵਿੱਚੋੰ ਲਗਾਤਾਰ ਬਾਹਰ ਧੱਕੇ ਜਾ ਰਹੇ ਕਾਰੋਬਾਰੀਆਂ ਦੀ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਉੱਠੀ ਕਿਸਾਨੀ ਲਹਿਰ ਨਾਲ਼ ਗਹਿਰੀ ਇੱਕਮੁਠਤਾ ਹੈ। ਕਿਸਾਨ ਆਗੂਆਂ ਹਰਭਜਨ ਧੂਹੜ,ਅਮਰਿੰਦਰ ਵਿਰਕ ਅਤੇ ਬਲਦੇਵ ਨਿਹਾਲਗੜ ਨੇ ਕਿਹਾ ਕਿ 26 ਮਾਰਚ ਦੇ ਭਾਰਤ ਬੰਦ ਨੂੰ ਪੂਰੇ ਦੇਸ਼ ਵਿੱਚ ਵੱਡਾ ਹੁੰਗਾਰਾ ਮਿਲੇਗਾ ਜੋ ਭਾਜਪਾ ਸਰਕਾਰ ਦੀਆਂ ਦਮਨਕਾਰੀ ਨੀਤੀਅਾਂ ਖਿਲਾਫ ਕਿਸਾਨ ਘੋਲ਼ ਨੂੰ ਹੋਰ ਬਲ ਬਖਸ਼ੇਗਾ। ਮੀਟਿੰਗ ਵਿੱਚ ਸੁਰਿੰਦਰ ਸਿੰਗਲਾ,ਸ਼ਿਵ ਕੁਮਾਰ,ਰਕੇਸ਼ ਕੁਮਾਰ,ਜਸਵਿੰਦਰ ਸਿੰਘ,ਵਰਿੰਦਰ ਸਿੰਘ,ਧਰਮਪਾਲ,ਵਿਜੇ ਕੁਮਾਰ,ਸੁਖਦੇਵ ਸਿੰਘ,ਨਰਾਤਾ ਸਿੰਘ,ਸੁੱਖਾ ਪਾਤੜਾਂ ਆਦਿ ਹਾਜ਼ਰ ਸਨ।
Please Share This News By Pressing Whatsapp Button