
ਵਿਜੈ ਇੰਦਰ ਸਿੰਗਲਾ ਨੇ ਭਵਾਨੀਗੜ੍ਹ ਵਿਖੇ 13 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਲਟਰਾ ਮਾਡਰਨ ਸਬ ਡਵੀਜਨਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ

ਭਵਾਨੀਗੜ੍ਹ, 25 ਮਾਰਚ:
ਪੰਜਾਬ ਦੇ ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਦਰਪੇਸ਼ ਕੋਵਿਡ ਮਹਾਂਮਾਰੀ ਦੀ ਚੁਣੌਤੀ ਦੀ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਰਾਜ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਹੈ। ਸ੍ਰੀ ਸਿੰਗਲਾ ਅੱਜ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਵੱਖ-ਵੱਖ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਡਿਜ਼ੀਟਲੀ ਸਮਰਪਿਤ ਕਰਨ ਅਤੇ ਨੀਂਹ ਪੱਥਰ ਰੱਖੇ ਜਾਣ ਦੀ ਲੜੀ ਹੇਠ ਕਰਵਾਏ ਸਮਾਗਮ ਦੌਰਾਨ ਭਵਾਨੀਗੜ੍ਹ ਵਿਖੇ ਕਰੀਬ 13 ਕਰੋੜ ਰੁਪਏ ਦੀ ਲਾਗਤ ਨਾਲ 5 ਏਕੜ ਜਗ੍ਹਾ ਵਿਖੇ ਨਵੇਂ ਉਸਾਰੇ ਜਾਣ ਵਾਲੇ ਸਬ ਡਵੀਜਨ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਪੁਜੇ ਹੋਏ ਸਨ।
ਸ੍ਰੀ ਵਿਜੇ ਇੰਦਰ ਸਿੰਗਲਾ ਨੇ ਇਸ ਉਪਰੰਤ ਇਲਾਕੇ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2017 ‘ਚ ਸਤ੍ਹਾ ਸੰਭਾਲਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਰਾਜ ਨੂੰ ਤਰੱਕੀ ਦੀਆਂ ਲੀਹਾਂ ‘ਤੇ ਪਾਉਣ ਦਾ ਟੀਚਾ ਮਿਥਿਆ ਸੀ, ਜਿਸ ਨੂੰ ਅੱਜ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਰਾਜ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਪੂਰੇ ਕਰਨ ਵੱਲ ਵੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਉਹ ਖ਼ੁਦ ਲੋਕਾਂ ਵੱਲੋਂ ਪ੍ਰਗਟਾਏ ਗਏ ਵਿਸ਼ਵਾਸ਼ ਉਪਰ ਪੂਰੀ ਤਰ੍ਹਾਂ ਖਰ੍ਹੇ ਉਤਰਨ ਦੇ ਹਰ ਸੰਭਵ ਉਪਰਾਲੇ ਕਰ ਰਹੇ ਹਨ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਅੱਜ ਰਾਜ ਭਰ ‘ਚ 4 ਤਹਿਸੀਲ ਕੰਪਲੈਕਸਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਜਿਨ੍ਹਾਂ ‘ਚੋਂ ਭਵਾਨੀਗੜ੍ਹ ਇੱਕ ਹੈ, ਜਿਸ ਨਾਲ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਇਮਾਰਤ ਅਲਟਰਾ ਮਾਡਰਨ ਇਮਾਰਤ ਹੋਵੇਗੀ, ਜਿੱਥੇ ਸੋਲਰ ਸਿਸਟਮ ਤੇ ਮੀਂਹ ਦੇ ਪਾਣੀ ਦੀ ਸੰਭਾਲ ਕਰਕੇ ਇਸ ਨੂੰ ਵਾਤਾਵਰਣ ਪੱਖੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਇੱਕ ਸਾਲ ਦੇ ਅੰਦਰ-ਅੰਦਰ ਤਿਆਰ ਕਰਵਾਇਆ ਜਾਵੇਗਾ ਅਤੇ ਇੱਥੇ ਭਵਾਨੀਗੜ੍ਹ ਦੇ 65 ਪਿੰਡਾਂ ਦੇ ਲੋਕਾਂ ਨੂੰ ਇੱਕੋ ਛੱਤ ਹੇਠਾਂ ਬਿਹਤਰ ਪ੍ਰਸ਼ਾਸਕੀ ਸੇਵਾਵਾਂ ਉਪਲਬੱਧ ਹੋਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਰੂਰ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ ਜਿਸ ਲਈ ਹਰ ਵਿਭਾਗ ਵੱਲੋਂ ਹਲਕੇ ‘ਚ ਫੰਡ ਖ਼ਰਚੇ ਜਾ ਰਹੇ ਹਨ ਤੇ ਹਰ ਪਿੰਡ ‘ਚ ਬਿਨ੍ਹਾਂ ਕਿਸੇ ਵਿਤਕਰੇ ਤੋਂ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਨੂੰ ਸਬ ਡਵੀਜਨ ਹਸਪਤਾਲ ਵਜੋਂ ਅਪਗ੍ਰੇਡ ਕੀਤਾ ਜਾਵੇਗਾ ਅਤੇ ਪਿੰਡਾਂ ਦੀਆਂ ਡਿਸਪੈਂਸਰੀਆਂ ‘ਚ ਵੀ ਬਿਹਤਰ ਸਿਹਤ ਸਹੂਲਤਾ ਪ੍ਰਦਾਨ ਕੀਤੀਆਂ ਜਾਣਗੀਆਂ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਦੱਸਦਿਆ ਕਿਹਾ ਕਿ ਰਾਜ ‘ਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ, ਜਿਸ ਕਰਕੇ ਸਰਕਾਰੀ ਸਕੂਲਾਂ ਨੇ ਨਿਜੀ ਸਕੂਲਾਂ ਨੂੰ ਵੀ ਪਛਾੜ ਦਿੱਤਾ ਹੈ। ਇਸ ਤੋਂ ਬਿਨ੍ਹਾਂ ਰਾਜ ‘ਚ ਸੜਕਾਂ ਤੇ ਪੁਲਾਂ ਦੀ ਉਸਾਰੀ ਤੇ ਮੁਰੰਮਤ ਕਰਵਾ ਕੇ ਰਾਜ ਦੇ ਵਿਕਾਸ ਦੀ ਗਤੀ ਨੂੰ ਤੇਜ ਕੀਤਾ ਗਿਆ ਹੈ। ਉਨ੍ਹਾਂ ਨੇ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਨੂੰ ਸੱਦਾ ਦਿੱਤਾ ਕਿ ਉਹ ਵਿਕਾਸ ਕੰਮਾਂ ਦੀ ਖ਼ੁਦ ਨਿਗਰਾਨੀ ਤੇ ਸੰਭਾਲ ਕਰਨ ਤਾਂ ਕਿ ਹਰ ਵਰਗ ਦੇ ਲੋਕਾਂ ਨੂੰ ਵਿਕਾਸ ਸਕੀਮਾਂ ਦਾ ਲਾਭ ਅਸਲੀ ਅਰਥਾਂ ‘ਚ ਮਿਲ ਸਕੇ।
ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ੍ਰੀ ਸਿੰਗਲਾ ਨੇ ਸਕੂਲ ਬੰਦ ਕਰਨ ਬਾਰੇ ਕਿਹਾ ਕਿ ਸਰਕਾਰ ਲਈ ਬੱਚਿਆਂ ਦੀ ਸਿਹਤ ਸਭ ਤੋਂ ਲਾਜਮੀ ਹੋਣ ਕਰਕੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਤਿਆਰੀ ਲਈ ਛੁੱਟੀਆਂ ਕੀਤੀਆਂ ਕੀਤੀਆਂ ਗਈਆਂ ਹਨ ਅਤੇ 31 ਮਾਰਚ ਤੋਂ ਬਾਅਦ ਕੋਵਿਡ ਦੀ ਸਥਿਤੀ ‘ਤੇ ਮੁੜ ਗੌਰ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਭਵਾਨੀਗੜ੍ਹ ਦੇ ਐਸ.ਡੀ.ਐਮ. ਡਾ. ਕਰਮਜੀਤ ਸਿੰਘ ਨੇ ਸ੍ਰੀ ਸਿੰਗਲਾ ਦਾ ਸਵਾਗਤ ਕੀਤਾ। ਇਸ ਮੌਕੇ ਐਸ.ਐਸ.ਪੀ. ਸੰਗਰੂਰ ਸ੍ਰੀ ਵਿਕਾਸ ਸ਼ੀਲ ਸੋਨੀ, ਏ.ਡੀ.ਸੀ. ਵਿਕਾਸ ਰਾਜਿੰਦਰ ਬੱਤਰਾ, ਚੇਅਰਮੈਨ ਬਲਾਕ ਸੰਮਤੀ ਵਰਿੰਦਰ ਸਿੰਘ ਪੰਨਵਾਂ, ਚੇਅਰਮੈਨ ਮਾਰਕੀਟ ਕਮੇਟੀ ਪਰਦੀਪ ਕੁਮਾਰ ਕੱਦ, ਹਰੀ ਸਿੰਘ ਫੱਗੂਵਾਲਾ, ਰਣਜੀਤ ਸਿੰਘ ਤੂਰ, ਸਿਵਲ ਸਰਜਨ ਡਾ. ਅੰਜਨਾ ਗੁਪਤਾ, ਡੀ.ਐਸ.ਪੀ. ਸੁਖਰਾਜ ਸਿੰਘ, ਐਸ.ਸੀ. ਵਿਪੁਨ ਗਰਗ, ਬੀ.ਡੀ.ਪੀ.ਓ. ਬਲਜੀਤ ਸਿੰਘ ਸੋਹੀ, ਨਾਇਬ ਤਹਿਸੀਲਦਾਰ ਰਜੇਸ਼ ਅਹੂਜਾ, ਸਰਪੰਚ ਜਗਤਾਰ ਸਿੰਘ ਮਟਰਾਂ, ਭਗਵੰਤ ਸਿੰਘ ਥੱਮਣ ਸਿੰਘ ਵਾਲਾ, ਗੁਰਪ੍ਰੀਤ ਸਿੰਘ ਕੰਧੋਲਾ, ਨਾਨਕ ਚੰਦ ਨਾਇਕ, ਰਾਇ ਸਿੰਘ ਬਖਤੜੀ ਆਦਿ ਸਮੇਤ ਇਲਾਕੇ ਦੇ ਪੰਚ-ਸਰਪੰਚ, ਬਲਾਕ ਸੰਮਤੀ ਮੈਂਬਰ ਤੇ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਪਟਵਾਰ ਯੂਨੀਅਨ ਵੱਲੋਂ ਸ੍ਰੀ ਵਿਜੈ ਇੰਦਰ ਸਿੰਗਲਾ ਦਾ ਸਨਮਾਨ ਕੀਤਾ ਗਿਆ।
Please Share This News By Pressing Whatsapp Button