
ਬੀਬਾ ਜੈਇੰਦਰ ਵੱਲੋ ਸ਼ਹਿਰ ਚ ਹੋ ਰਹੇ ਵਿਕਾਸ ਸਬੰਧੀ ਕੀਤੇ ਜਾ ਰਹੇ ਸਰਵੇ ਉੱਤੇ ਆਪ ਨੇ ਚੁੱਕੇ ਸਵਾਲ

ਪਟਿਆਲਾ, 25 ਮਾਰਚ (ਬਲਵਿੰਦਰ ਪਾਲ)
ਸ਼ਾਹੀ ਸ਼ਹਿਰ ਪਟਿਆਲਾ ਵਿਚ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐੱਮ ਪੀ ਮਹਾਰਾਣੀ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੇ ਅਣ ਅਧਿਕਾਰਤ ਤੌਰ ਤੇ ਪਟਿਆਲਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵਿਕਾਸ ਕਾਰਜਾਂ ਸਬੰਧੀ ਜਾਇਜ਼ਾ ਲਿਆ। ਜਿਸ ਸਬੰਧੀ ਪਟਿਆਲਾ ਸ਼ਹਿਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਸਵਾਲ ਚੁੱਕਦਿਆਂ ਕਿਹਾ ਕਿ ਬੀਬਾ ਜੈ ਇੰਦਰ ਕਿਸ ਸੰਵਿਧਾਨਕ ਅਹੁਦੇ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਸਰਕਾਰੀ ਅਫ਼ਸਰਾਂ ਤੋਂ ਕਾਰਜ ਪ੍ਰਤੀ ਸਵਾਲ ਪੁੱਛ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਟਿਆਲੇ ਦੇ ਲੋਕਾਂ ਨੇ ਵੋਟਾਂ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਅਤੇ ਮਾਤਾ ਮਹਾਰਾਣੀ ਪ੍ਰਨੀਤ ਕੌਰ ਨੂੰ ਪਾਈਆਂ ਹਨ ਪਰ ਬੀਬਾ ਜੀ ਸ਼ਾਹੀ ਪਰਿਵਾਰ ਨਾਲ ਸੰਬੰਧ ਹੋਣ ਦਾ ਨਾਜਾਇਜ਼ ਫ਼ਾਇਦਾ ਚੁੱਕਦਿਆਂ ਉਨ੍ਹਾਂ ਦੇ ਮਾਤਾ ਪਿਤਾ ਦੀ ਥਾਂ ਤੇ ਸਰਕਾਰੀ ਅਫ਼ਸਰਾਂ ਉੱਤੇ ਪ੍ਰਭਾਵ ਪਾ ਰਹੇ ਹਨ ।ਜੋ ਕਿ ਬਿਲਕੁਲ ਗਲਤ ਹੈ। ਸ੍ਰੀ ਗੋਗੀਆ ਜੀ ਨੇ ਇਹ ਵੀ ਸਵਾਲ ਪੁੱਛਿਆ ਕਿ ਬੀਬਾ ਜੀ ਦੇ ਮਾਤਾ ਪਿਤਾ ਲੋਕਾਂ ਵਿੱਚ ਨਹੀਂ ਵਿਚਰ ਸਕਦੇ ਤਾਂ ਉਹ ਆਪਣੇ ਅਹੁਦੇ ਤੋਂ ਲਾਂਭੇ ਕਿਉਂ ਨਹੀਂ ਹੋ ਜਾਂਦੇ ।
ਉਨ੍ਹਾਂ ਨੇ ਦੱਸਿਆ ਕਿ ਅਗਾਮੀ ਚੋਣਾਂ ਨੂੰ ਦੇਖਦਿਆਂ ਹੋਇਆਂ ਸ਼ਾਹੀ ਪਰਿਵਾਰ ਨੇ ਪੰਜਵੇਂ ਸਾਲ ਲੋਕਾਂ ਵਿੱਚ ਫਿਰਨਾ ਸ਼ੁਰੂ ਕੀਤਾ ਹੈ ਪਰ ਲੋਕ ਇਸ ਪਰਿਵਾਰ ਦੀਆਂ ਚਾਲਾਂ ਤੋਂ ਭਲੀ ਭਾਂਤ ਜਾਣੂ ਹੋ ਚੁੱਕੇ ਹਨ ।ਉਨ੍ਹਾਂ ਨੇ ਅਫਸਰਾਂ ਨੂੰ ਵੀ ਆਗਾਹ ਕੀਤਾ ਕਿ ਉਹ ਸੰਵਿਧਾਨਕ ਅਹੁਦੇ ਤੇ ਜਵਾਬਦੇਹ ਹਨ ਨਾ ਕਿ ਸ਼ਾਹੀ ਪਰਿਵਾਰ ਦੇ ਬੱਚਿਆਂ ਦੇ। ਇਸ ਮੌਕੇ ਜਸਵਿੰਦਰ ਸਿੰਘ ਰਿੰਪਾ ਰਾਜਬੀਰ ਸਿੰਘ ਸੁਸ਼ੀਲ ਮਿੱਡਾ ਰਾਜਿੰਦਰ ਮੋਹਨ (ਚਾਰੋਂ ਬਲਾਕ ਪ੍ਰਧਾਨ )ਸਿਮਰਨਪ੍ਰੀਤ ਸਿੰਘ, ਜਗਤਾਰ ਸਿੰਘ ਤਾਰੀ, ਕਨ੍ਹੱਈਆ ਲਾਲ ਮੁਲਤਾਨੀ, ਸੁਰਜਨ ਸਿੰਘ, ਰੂਬੀ ਭਾਟੀਆ ਜਗਤਾਰ ਸਿੰਘ ਜੱਗੀ ,ਭੁਪਿੰਦਰ ਸਿੰਘ ,ਕਰਮਜੀਤ ਸਿੰਘ ਤਲਵਾੜ, ਘੁੰਮਣ ਸਿੰਘ ਫੌਜੀ, ਭਾਰਤ ਭੂਸ਼ਣ, ਦਇਆ ਰਾਮ ,ਵਿਕਰਮ ਮਹਿਰਾ ਵੀ ਮੌਜੂਦ ਰਹੇ।
Please Share This News By Pressing Whatsapp Button