
ਪਿੰਡ ਮਹਿਮਦਪੁਰ ਜੱਟਾਂ ’ਚ ਖੜਕੀ ਡਾਂਗ, ਸਥਿਤੀ ਤਣਾਅਪੂਰਨ

26 ਮਾਰਚ, ਬਹਾਦਰਗੜ੍ਹ (ਹਰਜੀਤ ਸਿੰਘ) : ਇਥੋਂ ਦੇ ਪਿੰਡ ਮਹਿਮਦਪੁਰ ਜੱਟਾਂ ’ਚ ਅੱਜ ਸਵੇਰੇ ਦੋ ਧਿਰਾਂ ’ਚ ਡਾਂਗ ਖੜਕ ਗਈ ਅਤੇ ਤਣਾਅਪੂਰਨ ਮਾਹੌਲ ਨੂੰ ਸ਼ਾਂਤ ਕਰਨ ਲਈ ਪੁਲਿਸ ਬੁਲਾਉਣੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਤਹਿਤ ਪਿੰਡ ਮਹਿਮਦਪੁਰ ਜੱਟਾਂ ’ਚ ਅੱਜ ਸਵੇਰੇ ਪਿੰਡ ਦੇ ਕੁਝ ਲੋਕਾਂ ਵਲੋਂ ਪਿੰਡ ’ਚ ਸੜਕ ਜਾਮ ਕੀਤੀ ਗਈ ਸੀ। ਇਸ ਸਮੇਂ ਇਥੋਂ ਲੰਘਣ ਦੌਰਾਨ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਸੜਕ ਬੰਦ ਕਰਨ ਦਾ ਵਿਰੋਧ ਕੀਤਾ ਤਾਂ ਲੜਾਈ ਵੱਧ ਗਈ ਅਤੇ ਗੱਲ ਡਾਂਗ ਸੋਟੇ ਤੱਕ ਪਹੁੰਚ ਗਈ। ਕੁਝ ਨੌਜਵਾਨਾਂ ਨੇ ਇੱਕ ਪਿੰਡ ਵਾਸੀ ਦੇ ਘਰ ਉਪਰ ਡਾਂਗਾਂ ਸੋਟੀਆਂ ਨਾਲ ਹਮਲਾ ਕਰ ਦਿੱਤਾ ਅਤੇ ਦੋਵੇਂ ਧਿਰਾਂ ’ਚ ਕਾਫੀ ਗਾਲੀ ਗਲੌਚ ਕਾਰਨ ਹਫੜੀ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਨੌਜਵਾਨਾਂ ਨੂੰ ਸ਼ਾਂਤ ਕਰਕੇ ਪਿੰਡ ਦੇ ਕੁਝ ਮੋਹਤਵਰ ਵਿਅਕਤੀਆਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੂੰ ਲੜਾਈ ਸਬੰਧੀ ਸੂਚਨਾ ਦੇਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ।
ਇਸ ਸਬੰਧੀ ਪੁਲਿਸ ਚੌਂਕੀ ਬਹਾਦਰਗੜ੍ਹ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਲਈ ਦੋਵੇਂ ਧਿਰਾਂ ਨੂੰ ਸ਼ਾਮ ਨੂੰ ਚੌਂਕੀ ਬੁਲਾਇਆ ਹੈ। ਜਾਂਚ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Please Share This News By Pressing Whatsapp Button