
ਸੜਕਾਂ ਹੋਈਆਂ ਸੁੰਨੀਆਂ, ਬਜਾਰ ਰਹੇ ਬੰਦ, ਭਾਰਤ ਬੰਦ ਨੂੰ ਵੱਡਾ ਹੁੰਗਾਰਾ

26 ਮਾਰਚ, ਬਹਾਦਰਗੜ੍ਹ (ਹਰਜੀਤ ਸਿੰਘ) : ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਾਰੀ ਸੰਘਰਸ਼ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਇਲਾਕੇ ’ਚ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਦੌਰਾਨ ਸੜਕਾਂ ’ਤੇ ਆਵਾਜਾਈ ਬੰਦ ਹੋਣ ਕਾਰਨ ਸੁੰਨ ਪਸਰੀ ਰਹੀ ਅਤੇ ਬਜ਼ਾਰ ਬੰਦ ਰਹੇ। ਪਟਿਆਲਾ ਰਾਜਪੁਰਾ ਹਾਈਵੇ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ ਅਤੇ ਰਸਤੇ ’ਚ ਫਸੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਰਾਜਪੁਰਾ ਰੋਡ ’ਤੇ ਪਿੰਡ ਦੌਣਕਲਾਂ ਦੇ ਗੇਟ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਤੇ ਧਰੇੜੀ ਜੱਟਾਂ ਟੋਲ ਪਲਾਜਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਸਿੱਧੂਪੁਰ ਵਲੋਂ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਨਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਣਜੀਤ ਸਵਾਜਪੁਰ ਜਿਲਾ ਪ੍ਰਧਾਨ ਬੀਕੇਯ ਕ੍ਰਾਂਤੀਕਾਰੀ, ਮਨਜੀਤ ਸਿੰਘ ਨਿਆਲ ਜਿਲਾ ਪ੍ਰਧਾਨ ਬੀਕੇਯੂ ਏਕਤਾ ਉਗਰਾਹਾਂ, ਬਲਵਿੰਦਰ ਸਿੰਘ ਦੌਣਕਲਾਂ, ਗਿਆਨ ਸਿੰਘ ਰਾਇਪੁਰ, ਸਿਮਰਤਪਾਲ ਕੌਰ ਦੌਣਕਲਾਂ, ਅਮਨਦੀਪ ਕੌਰ ਦੋਣਕਲਾਂ, ਮੱਖਣ ਸਿੰਘ ਦੌਣਕਲਾਂ, ਸਵਰਨ ਸਿੰਘ ਧਰੇੜੀ, ਦਰਸ਼ਨ ਸਿੰਘ ਨਰੜੂ, ਗੁਰਮੀਤ ਸਿੰਘ ਦਿੱਤੂਪੁਰ, ਹਰੀ ਸਿੰਘ ਕਾਮਰੇਡ ਅਤੇ ਹੋਰ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ।
Please Share This News By Pressing Whatsapp Button