
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜੰਗੀ ਪੱਧਰ ‘ਤੇ ਤਿਆਰੀਆਂ ਆਰੰਭ
ਪਟਿਆਲਾ 25 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਉੱਤਰਾਖੰਡ ਵਿਖੇ ਹਿਮਾਲਿਆ ਦੀਆਂ 7 ਖ਼ੂਬਸੂਰਤ ਪਹਾੜੀਆਂ ਦੀ ਗੋਦੀ ਅਤੇ ਬਰਫ਼ੀਲੇ ਸਰੋਵਰ ਦੇ ਕਿਨਾਰੇ ‘ਤੇ ਸੁਸ਼ੋਭਿਤ ਸ੍ਰੀ ਹੇਮਕੁੰਟ ਸਾਹਿਬ ਦੀ ਆਰੰਭ ਹੋ ਰਹੀ ਸਾਲਾਨਾ ਯਾਤਰਾ ਨੂੰ ਲੈ ਕੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਤੇ ਪ੍ਰਸ਼ਾਸਨ ਵਲੋਂ ਜੰਗੀ ਪੱਧਰ ‘ਤੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ, ਜਿਸ ਦੇ ਚੱਲਦਿਆਂ ਰਸਤੇ ‘ਚੋਂ ਬਰਫ਼ ਹਟਾਉਣ ਅਤੇ ਸੰਗਤ ਲਈ ਲਾਂਘਾ ਤਿਆਰ ਕਰਨ ਤੋਂ ਪਹਿਲਾਂ ਜਿੱਥੇ ਫ਼ੌਜ ਦੇ ਵਫ਼ਦ ਵਲੋਂ ਸ੍ਰੀ ਹੇਮਕੁੰਟ ਸਾਹਿਬ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ, ਉੱਥੇ ਹੀ ਟਰੱਸਟ ਨੇ ਯਾਤਰਾ ਲਈ ਲੋੜੀਂਦੇ ਸਾਜ਼ੋ-ਸਾਮਾਨ ਨੂੰ ਗੋਬਿੰਦ ਧਾਮ ਵਿਖੇ ਭੇਜਣ ਦੀ ਸ਼ੁਰੂਆਤ ਕਰ ਦਿੱਤੀ ਹੈ | ਦੱਸਣਯੋਗ ਹੈ ਕਿ ਪਿਛਲੇ ਸਾਲਾਂ ਦੀ ਬਜਾਏ ਇਸ ਵਾਰ ਸਾਲਾਨਾ ਯਾਤਰਾ ਲਈ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਮਈ ਤੋਂ ਖੁੱਲ੍ਹ ਰਹੇ ਹਨ, ਜੋ ਕਿ ਹਰ ਸਾਲ 1 ਜੂਨ ਦੇ ਕਰੀਬ ਖੁੱਲ੍ਹਦੇ ਸਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸ: ਸੇਵਾ ਸਿੰਘ ਨੇ ਦੱਸਿਆ ਕਿ ਉੱਤਰਾਖੰਡ ਸਰਕਾਰ ਅਤੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸੰਗਤ ਦੀ ਭਾਵਨਾਵਾਂ ਨੂੰ ਦੇਖਦਿਆਂ ਇਸ ਵਾਰ ਯਾਤਰਾ 10 ਮਈ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਕਿਉਂਕਿ ਪਿਛਲੇ ਸਾਲ ਵਿਸ਼ਵ ਵਿਆਪੀ ਸੰਕਟ ਕੋਵਿਡ-19 ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪ੍ਰਭਾਵਿਤ ਹੋਈ ਸੀ ਅਤੇ ਹਰ ਸਾਲ ਇਸ ਮੁਕੱਦਸ ਅਸਥਾਨ ਨੂੰ ਸਿੱਜਦਾ ਕਰਨ ਆਉਂਦੇ ਸ਼ਰਧਾਲੂ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਸਨ, ਜਿਨ੍ਹਾਂ ਵਲੋਂ ਯਾਤਰਾ ਜਲਦ ਸ਼ੁਰੂ ਕਰਨ ਲਈ ਲਗਾਤਾਰ ਟਰੱਸਟ ਨੂੰ ਬੇਨਤੀ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਖੜੇ ਪੈਂਡਿਆਂ ‘ਚੋਂ ਬਰਫ਼ ਨੂੰ ਹਟਾ ਕੇ ਰਸਤਾ ਤਿਆਰ ਕਰਨ ਲਈ 418 ਇੰਡੀਪੈਂਡੈਂਟ ਇੰਜੀਨੀਅਰ ਕੋਰ ਦੀ ਟੀਮ ਵਲੋਂ ਰੇਕੀ ਕੀਤੀ ਗਈ ਹੈ ਅਤੇ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਿਛਲੇ ਸਾਲਾਂ ਨਾਲੋਂ ਬਰਫ਼ ਘੱਟ ਪਈ ਹੈ | ਉਨ੍ਹਾਂ ਦੱਸਿਆ ਕਿ ਉਕਤ ਟੀਮ ਨੇ ਟਰੱਸਟ ਨੂੰ ਭਰੋਸਾ ਦੁਆਇਆ ਹੈ ਕਿ ਇਸ ਸੇਵਾ ਲਈ ਫ਼ੌਜ ਦੀ ਟੀਮ 6 ਅਪ੍ਰੈਲ ਨੂੰ ਗੋਬਿੰਦ ਘਾਟ ਵਿਖੇ ਪਹੁੰਚ ਜਾਵੇਗੀ ਅਤੇ ਮੌਸਮ ਨੂੰ ਦੇਖਣ ਪਰਖਣ ਮਗਰੋਂ ਰਸਤਾ ਬਣਾਉਣ ਦੀ ਕਵਾਇਦ ਸ਼ੁਰੂ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਟਰੱਸਟ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਵਿਖੇ ਸੰਗਤ ਦੀ ਰਿਹਾਇਸ਼, ਲੰਗਰ ਅਤੇ ਮੈਡੀਕਲ ਤੋਂ ਇਲਾਵਾ ਯਾਤਰਾ ਲਈ ਲੋੜੀਂਦੀ ਹਰ ਸਹੂਲਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਉਨ੍ਹਾਂ ਸੰਗਤ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਬਿਨਾਂ ਕਿਸੇ ਡਰ ਭੈਅ ਦੇ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯਾਤਰਾ ਲਈ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ |
Please Share This News By Pressing Whatsapp Button