
ਬੰਦ ਦੇ ਸੱਦੇ ਨੂੰ ਪਾਤੜਾਂ ਇਲਾਕੇ “ਚ ਵੱਡਾ ਹੁੰਗਾਰਾ

ਪਾਤੜਾਂ, 26 ਮਾਰਚ (ਸੰਜੇ ਗਰਗ )
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਤਿੰਨ ਖੇਤੀ ਕਨੂੰਨਾਂ ਖਿਲਾਫ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਨੂੰਨੀ ਮਾਨਤਾ ਦਵਾਉਣ ਲਈ ਉੱਠੀ ਕਿਸਾਨੀ ਲਹਿਰ ਅਾਪਣੇ ਕਲਾਵੇ ਵਿੱਚ ਹਰ ਕਿੱਤੇ ਅਤੇ ਵਰਗ ਲੈੰਦੀ ਹੋਈ ਦੇਸ਼ ਵਿਆਪੀ ਲੋਕ ਲਹਿਰ ਦਾ ਰੁਤਬਾ ਅਖਤਿਆਰ ਕਰ ਚੁੱਕੀ ਹੈ। ਕਿਸਾਨ ਮੋਰਚੇ ਵੱਲੋਂ ਦਿੱਤੇ ਬੰਦ ਦੇ ਸੱਦੇ ਤਹਿਤ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਚੋੰ ਆਮ ਲੋਕਾਂ,ਦੁਕਾਨਦਾਰਾਂ ਵੱਲੋੰ ਬਜ਼ਾਰਾਂ,ਆਵਾਜਾਈ,ਵਪਾਰ ਨੂੰ ਮੁਕੰਮਲ ਬੰਦ ਕਰਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਕਿਰਤੀ ਕਿਸਾਨ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਇਕੱਤਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਆਵਾਜਾਈ ਠੱਪ ਕਰਕੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰੇ ਵਿੱਚ ਫਿਲਮੀ ਅਦਾਕਾਰ ਸੋਨੀਆ ਮਾਨ ਨੇ ਵਿਸ਼ੇਸ਼ ਤੌਰ ਉੱਤੇ ਪਹੁੰਚ ਕੇ ਹਾਜ਼ਰੀ ਲਗਵਾਈ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਸ਼ਹਿਰ ਦੀਆਂ ਵੱਖ ਵੱਖ ਵਪਾਰਕ ਸੰਸਥਾਵਾਂ ਵੱਲੋਂ ਸਮਰਥਨ ਦਿੱਤਾ ਗਿਆ ।
ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤਿੰਦਰ ਸਿੰਘ ਘੱਗਾ ਨੇ ਕਿਹਾ ਹੈ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਨੂੰਨ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਵਾਲੇ ਹਨ ਇਸ ਲਈ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨ੍ਹਾਂ ਕਿਸਾਨ ਦਿੱਲੀ ਦੇ ਬਰੂਹਾਂ ਤੋਂ ਵਾਪਸ ਘਰ ਨਹੀਂ ਮੁੜਨਗੇ। ਆਗੂਆਂ ਨੇ ਕਿਹਾ ਕਿ ਸਯੁੰਕਤ ਕਿਸਾਨ ਮੋਰਚਾ ਸਾਫ ਕਰ ਚੁੱਕਾ ਹੈ ਕਿ ਕਾਨੂੰਨਾਂ ਨੂੰ ਵਾਪਸੀ ਤੋਂ ਬਿਨ੍ਹਾਂ ਕਿਸਾਨਾਂ ਨੂੰ ਕੁਝ ਵੀ ਮਨਜ਼ੂਰ ਨਹੀਂ ।
ਧਰਨੇ ਵਿੱਚ ਹੋਰਨਾਂ ਤੋੰ ਇਲਾਵਾ ਹਰਭਜਨ ਸਿੰਘ ਧੂਹੜ, ਲਾਭ ਸਿੰਘ, ਕਾਮਰੇਡ ਰਾਮਚੰਦ ਚੁਨਾਗਰਾ, ਸੁਖਦੇਵ ਸਿੰਘ ਹਰਿਆਉ, ਚਰਨਜੀਤ ਕੌਰ, ਅਤਿੰਦਰ ਸਿੰਘ ਘੱਗਾ, ਸਾਬਕਾ ਸਰਪੰਚ ਮਨਜੀਤ ਦੁਗਾਲ, ਅਮਰਿੰਦਰ ਵਿਰਕ, ਕਮਲਜੀਤ, ਲੱਕੀ ਵਰਮਾ, ਵਿਜੇ ਕੁਮਾਰ ਕਾਕਾ, ਹਰਦੀਪ ਖਾਂਗ, ਮੋਹਨ ਸਿੰਘ ਸਰਪੰਚ, ਧੂਪ ਰਾਮ ਖਾਂਗ, ਕੁਲਵੰਤ ਸਿੰਘ ਅਤੇ ਪਰਦੀਪ ਕੁਮਾਰ ਦੀ ਅਗਵਾਈ ਵਿੱਚ ਕਿਸਾਨ ਸ਼ਾਮਲ ਹੋਏ।
Please Share This News By Pressing Whatsapp Button