
ਸੁਮਰਿੰਦਰ ਸਿੰਘ ਸੀੜਾ ਦਾ ਕਾਂਗਰਸ ਨਾਲ ਕਦੇ ਕੋਈ ਸਬੰਧ ਨਹੀਂ ਰਿਹਾ : ਕਾਂਗਰਸੀ ਆਗੂ
ਪਟਿਆਲਾ, 31 ਮਾਰਚ (ਰੁਪਿੰਦਰ ਸਿੰਘ) : ਪੰਜਾਬੀ ਯੂਨੀਵਰਸਿਟੀ ਦੇ ਐਮ. ਬੀ. ਏ. ਵਿਭਾਗ ਦੇ ਸਹਾਇਕ ਪ੍ਰੋਫੈਸਰ ਰਹੇ ਸੁਮਰਿੰਦਰ ਸਿੰਘ ਸੀੜਾ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਸੀੜਾ ਨੂੰ ਸੀਨੀਅਰ ਕਾਂਗਰਸੀ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਮੀਡੀਆ ਐਡਵਾਈਜ਼ਰ ਜਾਂ ਮੀਡੀਆ ਟੀਮ ਦਾ ਮੈਂਬਰ ਰਹਿਣ ਬਾਰੇ ਦਿੱਤੇ ਗਏ ਬਿਆਨਾਂ ਦਾ ਕਾਂਗਰਸ ਨੇ ਗੰਭੀਰ ਨੋਟਿਸ ਲਿਆ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਨੇ ਕਿਹਾ ਕਿ ਸੁਮਰਿੰਦਰ ਸਿੰਘ ਸੀੜਾ ਦਾ ਕਾਂਗਰਸ ਅਤੇ ਮੋਤੀ ਮਹਿਲ ਨਾਲ ਕਦੇ ਵੀ ਕੋਈ ਸਬੰਧ ਨਹੀਂ ਰਿਹਾ। ਇਹ ਨਾਮ ਹੀ ਅਸੀਂ ਪਹਿਲੀ ਵਾਰ ਸੁਣਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸੁਮਰਿੰਦਰ ਸਿੰਘ ਸੀੜਾ ਪੰਜਾਬੀ ਯੂਨੀਵਰਸਿਟੀ ਦੇ ਐਮ. ਬੀ. ਏ. ਵਿਭਾਗ ਵਿਚ ਸਹਾਇਕ ਪ੍ਰੋਫੈਸਰ ਹੈ ਅਤੇ ਉਹ ਯੂਨੀਵਰਸਿਟੀ ਦੇ ਤਲਵੰਡੀ ਸਾਬੋ ਕੈਂਪਸ ਵਿਚ ਤਾਇਨਾਤ ਸੀ। ਉਥੇ ਇਸ ਦੀ ਇਕ ਸੀਨੀਅਰ ਪ੍ਰੋਫੈਸਰ ਨਾਲ ਲੜਾਈ ਹੋਣ ਤੋਂ ਬਾਅਦ ਪਟਿਆਲਾ ਵਿਖੇ ਬਦਲੀ ਕਰ ਦਿੱਤੀ ਗਈ। ਲਾਕਡਾਊਨ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਮੁਰਗਿਆਂ ਦਾ ਲੜਾਈ ਮੁਕਾਬਲਾ ਕਰਵਾਉਣ ‘ਤੇ ਉਸ ਦੇ ਖਿਲਾਫ ਐਨੀਮਲ ਕਰੂਰਤਾ ਐਕਟ ਦੇ ਤਹਿਤ ਐਫ. ਆਈ. ਆਰ. ਵੀ ਦਰਜ ਹੋਈ ਹੈ। ਜ਼ਿਲਾ ਪ੍ਰਧਾਨ ਕੇ. ਕੇ. ਮਲਹੋਤਰਾ ਨੇ ਕਿਹਾ ਕਿ ਉਹ 15 ਸਾਲ ਤੋਂ ਪਟਿਆਲਾ ਬਲਾਕ ਕਾਂਗਰਸ ਦੇ ਪ੍ਰਧਾਨ ਸਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਨ। ਪਟਿਆਲਾ ਕਾਂਗਰਸ ਦੇ ਰਿਕਾਰਡ ਵਿਚ ਸੁਮਰਿੰਦਰ ਸਿੰਘ ਸੀੜਾ ਕਾਂਗਰਸ ਪਾਰਟੀ ਦਾ ਵਰਕਰ ਹੀ ਨਹੀਂ ਹੈ ਅਤੇ ਨਾ ਹੀ ਉਸ ਨੇ ਕਦੇ 10 ਰੁਪਏ ਵਾਲੀ ਮੁੱਢਲੀ ਮੈਂਬਰਸ਼ਿਪ ਦੀ ਪਰਚੀ ਵੀ ਕਟਵਾਈ ਹੈ। ਜੋ ਵਿਅਕਤੀ ਪਾਰਟੀ ਦਾ ਮੁੱਢਲਾ ਮੈਂਬਰ ਹੀ ਨਹੀਂ, ਉਸ ਦਾ ਕਾਂਗਰਸ ਨਾਲ ਕੀ ਸਬੰਧ ਹੋ ਸਕਦਾ ਹੈ? ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਅਤੇ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਜਦੋਂ ਮੀਡੀਆ ਵਿਚ ਇਸ ਸੰਬੰਧੀ ਖਬਰਾਂ ਆਈਆਂ ਤਾਂ ਉਨ੍ਹਾਂ ਪਤਾ ਕੀਤਾ ਕਿ 2009 ਦੀਆਂ ਸੰਸਦੀ ਚੋਣਾਂ ਸਮੇਂ ਸੀੜਾ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਿਆ ਸੀ ਪਰ ਉਸ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀ, ਜਿਸ ਕਰਕੇ ਉਸ ਤੋਂ ਬਾਅਦ ਉਹ ਮੋਤੀ ਮਹਿਲ ਨਹੀਂ ਆਇਆ। ਹੁਣ 2021 ਹੋ ਗਿਆ ਹੈ। ਅਜਿਹੇ ਵਿਚ 12 ਸਾਲ ਸੀੜਾ ਕਿਥੇ ਰਿਹਾ ਇਸ ਦੀ ਕਾਂਗਰਸ ਪਾਰਟੀ ਨੂੰ ਕੋਈ ਜਾਣਕਾਰੀ ਨਹੀਂ। ਇਹ ਜ਼ਰੂਰ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਹੈ। ਸਰਕਾਰੀ ਨਿਯਮਾਂ ਅਨੁਸਾਰ ਕੋਈ ਵੀ ਸਰਕਾਰੀ ਮੁਲਾਜ਼ਮ ਰਾਜਨੀਤਕ ਗਤੀਵਿਧੀਆਂ ਵਿਚ ਹਿੱਸਾ ਨਹੀਂ ਲੈ ਸਕਦਾ। ਹੋ ਸਕਦਾ ਹੈ ਹੁਣ ਸੀੜਾ ਨੇ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੋਵੇ। ਪਰ ਆਮ ਆਦਮੀ ਪਾਰਟੀ ਇਸ ਨੂੰ ਇਸ ਤਰ੍ਹਾਂ ਪੇਸ਼ ਕਰ ਰਹੀ ਹੈ ਜਿਵੇਂ ਕਾਂਗਰਸ ਪਾਰਟੀ ਦਾ ਕੋਈ ਵੱਡਾ ਥੰਮ੍ਹ ‘ਆਪ’ ਵਿਚ ਸ਼ਾਮਲ ਹੋ ਗਿਆ ਹੋਵੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਦਿਵਾਲਾ ਨਿਕਲ ਗਿਆ ਹੈ। ਨਗਰ ਕੌਂਸਲ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਨੀਤੀ ਵਿਚ ਆਪਣੇ ਉਖੜ ਚੁੱਕੇ ਪੈਰ ਫਿਰ ਤੋਂ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜਿਹੀਆਂ ਹਰਕਤਾਂ ਨਾਲ ਉਸ ਦਾ ਕੁੱਝ ਨਹੀਂ ਹੋਣਾ। ਜਿਹੜਾ ਵਿਅਕਤੀ ਸਰਕਾਰੀ ਮੁਲਾਜ਼ਮ ਹੈ ਕਾਂਗਰਸ ਪਾਰਟੀ ਨਾਲ ਉਸ ਦਾ ਕੋਈ ਸਬੰਧ ਨਹੀਂ। ਉਸ ਨੂੰ ਬਹੁਤ ਵੱਡਾ ਲੀਡਰ ਪੇਸ਼ ਕਰਕੇ ਆਮ ਆਦਮੀ ਪਾਰਟੀ ਖੁਸ਼ੀ ਮਨਾ ਰਹੀ ਹੈ, ਜਿਸ ਤੋਂ ਉਸ ਦੇ ਰਾਜਨੀਤਕ ਦਿਵਾਲੀਏ ਦਾ ਪਤਾ ਲੱਗਦਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੁਮਰਿੰਦਰ ਸਿੰਘ ਸੀੜਾ ਕਾਂਗਰਸ ਪਾਰਟੀ ਵਲੋਂ ਉਸ ਨੂੰ ਦਿੱਤੀ ਗਈ ਕੋਈ ਜ਼ਿੰਮੇਵਾਰੀ ਜਾਂ ਬਤੌਰ ਐਮ. ਪੀ. ਮਹਾਰਾਣੀ ਪ੍ਰਨੀਤ ਕੌਰ ਵਲੋਂ ਸੀੜਾ ਨੂੰ ਜਾਰੀ ਕੀਤੇ ਗਏ ਮੀਡੀਆ ਐਡਵਾਈਜ਼ਰ ਜਾਂ ਮੀਡੀਆ ਟੀਮ ਦੇ ਮੈਂਬਰ ਦੀ ਕੋਈ ਚਿੱਠੀ ਜਨਤਕ ਕਰੇ ਤਾਂ ਜੋ ਪਤਾ ਲੱਗ ਸਕੇ ਕਿ ਉਸ ਦਾ ਕਾਂਗਰਸ ਨਾਲ ਕੋਈ ਸਬੰਧ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਮੁੰਦਰ ਹੈ। ਲੋਕ ਇਥੇ ਆਪਣੀ ਇੱਛਾ ਪੁਰਤੀ ਲਈ ਆਉਂਦੇ ਹਨ ਪਰ ਪਾਰਟੀ ਨਾਲ ਉਹੀ ਖੜ੍ਹਦਾ ਹੈ ਜੋ ਕਿ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਹੁੰਦਾ ਹੈ। ਕਾਂਗਰਸ ਪਾਰਟੀ ਦੇ ਨਾਲ ਲੋਕਾਂ ਦਾ ਨਹੁੰ ਮਾਸ ਵਾਲਾ ਰਿਸ਼ਤਾ ਹੈ। ਪੀੜ੍ਹੀ ਦਰ ਪੀੜ੍ਹੀ ਲੋਕ ਕਾਂਗਰਸ ਪਾਰਟੀ ਨਾਲ ਚੱਲਦੇ ਆ ਰਹੇ ਹਨ। ਆਮ ਆਦਮੀ ਪਾਰਟੀ ਨੂੰ ਸੀੜਾ ਮੁਬਾਰਕ। ਕਾਂਗਰਸ ਦਾ ਇਸ ਘਟਨਾਕ੍ਰਮ ਨਾਲ ਕੋਈ ਲੈਣਾ ਦੇਣਾ ਨਹੀਂ।
Please Share This News By Pressing Whatsapp Button