
ਡਾ. ਪੁਸ਼ਪਿੰਦਰ ਸਿੰਘ ਗਿੱਲ ਨੂੰ ਡੀਨ ਅਕਾਦਮਿਕ ਮਾਮਲੇ ਲਗਾਇਆ
ਪਟਿਆਲਾ, 3 ਅਪ੍ਰੈਲ (ਰੁਪਿੰਦਰ ਸਿੰਘ) : ਸਕੂਲ ਅਫ਼ ਮੈਨੇਜਮੈਂਟ ਸਟੱਡੀਜ਼ ਦੇ ਪ੍ਰੋਫ਼ੈਸਰ ਡਾ. ਪੁਸ਼ਪਿੰਦਰ ਸਿੰਘ ਗਿੱਲ, ਜੋ ਕਿ ਡੀਨ, ਬਾਹਰੀ ਕੇਂਦਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ, ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਲਗਾਇਆ ਗਿਆ ਹੈ। ਡਾ. ਗਿੱਲ ਨੇ 1987 ਤੋਂ ਯੂਨੀਵਰਸਿਟੀ ਵਿਚ ਫੈਕਲਟੀ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਉਹ ਸੰਨ 2000 ਵਿਚ ਪ੍ਰੋਫੈਸਰ ਬਣੇ ਅਤੇ ਪਿਛਲੇ 3 ਸਾਲਾਂ ਤੋਂ ਯੂਨੀਵਰਸਿਟੀ ਦੇ ਸਭ ਤੋਂ ਸੀਨੀਅਰ ਪ੍ਰੋਫੈਸਰ ਹਨ। ਵਿਦਿਆਰਥੀ ਰਾਜਨੀਤੀ ਵਿਚ ਸਰਗਰਮ ਰਹੇ ਡਾ. ਗਿੱਲ 1981 ਤੋਂ ਯੂਨੀਵਰਸਿਟੀ ਨਾਲ਼ ਜੁੜੇ ਹੋਏ ਹਨ। ਵਿਆਪਕ ਪੱਧਰ ਤੇ ਯਾਤਰਾ ਕਰਨ ਵਾਲੇ ਅਕਾਦਮੀਸ਼ਨ ਡਾ. ਪੁਸ਼ਪਿੰਦਰ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਅਹਿਮ ਕਾਰਪੋਰੇਟ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਉਹ ਅਮਰੀਕਾ ਅਤੇ ਕਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਫੈਕਲਟੀ ਦੇ ਤੌਰ ਤੇ ਲਗਾਤਾਰ ਜੁੜੇ ਹੋਏ ਹਨ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਾਮਵਰ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣ ਤੋਂ ਇਲਾਵਾ ਉਹ ਸੱਤ ਕਿਤਾਬਾਂ ਵੀ ਲਿਖ ਚੁਕੇ ਹਨ। ਉਹ ਟੈਡ ਟਾੱਕਸ ਲੜੀ ਤਹਿਤ ਭਾਸ਼ਣ ਵੀ ਦੇ ਚੁੱਕੇ ਹਨ। ਇੱਕ ਤਜ਼ਰਬੇਕਾਰ ਅਕਾਦਮੀਸ਼ਨ ਵਜੋਂ ਉਨ੍ਹਾਂ ਨੇ ਆਪਣੀ ਸਿੱਖਿਆ ਅਤੇ ਖੋਜ ਦੁਆਰਾ ਬਹੁਤ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਅਗਵਾਈ ਪ੍ਰਦਾਨ ਕੀਤੀ ਹੈ।
Please Share This News By Pressing Whatsapp Button