
ਮਿੱਟੀ ਦੀ ਢਿੱਗ ਡਿੱਗਣ ਤੇ ਹੇਠਾਂ ਦੱਬ ਜਾਣ ਕਾਰਨ ਔਰਤ ਦੀ ਮੌਤ
ਸਮਾਣਾ, 3 ਅਪ੍ਰੈਲ (ਰੁਪਿੰਦਰ ਸਿੰਘ) : ਨਜ਼ਦੀਕੀ ਪਿੰਡ ਫਤਿਹਗੜ੍ਹ ਛੰਨਾ ‘ਚ ਮਿੱਟੀ ਦੀ ਢਿੱਗ ਡਿੱਗਣ ‘ਤੇ ਉਸ ਦੇ ਹੇਠਾਂ ਦੱਬੇ ਜਾਣ ਕਾਰਨ ਔਰਤ ਦੀ ਮੌਤ ਹੋ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਗਾਜੇਵਾਸ ਪੁਲਿਸ ਚੌਕੀ ਦੇ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਬਲਜੀਤ ਕੌਰ (42) ਦੇ ਪਤੀ ਨਾਇਬ ਸੂਬੇਦਾਰ ਭਗਵੰਤ ਸਿੰਘ ਵਾਸੀ ਪਿੰਡ ਫਤਿਹਗੜ੍ਹ ਛੰਨਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਹ ਫ਼ੌਜ ‘ਚ ਨੌਕਰੀ ਕਰਦਾ ਹੈ ਤੇ ਹੁਣ ਛੁੱਟੀ ‘ਤੇ ਘਰ ਆਇਆ ਹੋਇਆ ਹੈ। ਆਪਣਾ ਮਕਾਨ ਬਣਾਉਣ ਲਈ ਮਿੱਟੀ ਦੀ ਭਰਤੀ ਪਾਉਣ ਲਈ ਸ਼ੁੱਕਰਵਾਰ ਦੁਪਹਿਰ ਸਮੇਂ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਖੇਤਾਂ ‘ਚੋਂ ਮਿੱਟੀ ਦੀ ਟਰਾਲੀ ਭਰਨ ਗਏ ਸਨ ਕਿ ਇਸੇ ਦੌਰਾਨ ਮਿੱਟੀ ਪੁੱਟਦੇ ਸਮੇਂ ਇੱਕ ਵੱਡੀ ਢਿੱਗ ਬਲਜੀਤ ਕੌਰ ‘ਤੇ ਡਿੱਗ ਗਈ ਅਤੇ ਉਹ ਉਸ ਦੇ ਹੇਠਾਂ ਦੱਬ ਗਈ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਮਿੱਟੀ ਹਟਾਉਣ ਤੋਂ ਬਾਅਦ ਬੇਹੋਸ਼ੀ ਦੀ ਹਾਲਤ ‘ਚ ਉਸ ਨੂੰ ਭਵਾਨੀਗੜ੍ਹ ਤੇ ਉਸ ਤੋਂ ਬਾਅਦ ਮਿਲਟਰੀ ਹਸਪਤਾਲ ਪਟਿਆਲਾ ਲਿਜਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।
Please Share This News By Pressing Whatsapp Button