
ਸਰਕਾਰੀ ਸੈਕੰਡਰੀ ਸਕੂਲ ਨੰਦਪੁਰ ਕੇਸ਼ੋ ਨੇ ਨੁੱਕੜ ਨਾਟਕਾਂ ਰਾਹੀਂ ਦਾਖਲਾ ਮੁਹਿੰਮ ਭਖਾਈ
ਪਟਿਆਲਾ, 6 ਅਪ੍ਰੈਲ (ਰੁਪਿੰਦਰ ਮੋਨੂੰ) : ਪਟਿਆਲਾ ਸ਼ਹਿਰ ਦੇ ਨੇੜਲੇ ਪਿੰਡ ਨੰਦਪੁਰਕੇਸ਼ੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਅੱਜ ਨੰਦਪੁਰ ਕੇਸ਼ੋ ਦੀ ਸੱਥ ਵਿਖੇ ਪਿੰਡ ਦੇ ਪਤਵੰਤਿਆਂ ਅੱਗੇ ”ਸੱਚੀਆਂ ਗੱਲਾਂ ਖਰੀਆਂ ਗੱਲਾਂ” ਨੁੱਕੜ ਨਾਟਕ ਰਾਹੀਂ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸੁਵਿਧਾਵਾਂ ਅਤੇ ਪੜਾਈ ਸੰਬੰਧੀ ਗੱਲਾਂ ਪੇਸ਼ ਕੀਤੀਆਂ। ਇਸ ਨਾਟਕ ਵਿਚ ਬੱਚਿਆਂ ਤੋਂ ਇਲਾਵਾ ਸਕੂਲ ਦੇ ਅਧਿਆਪਕ ਮੈਡਮ ਪਰਵਿੰਦਰ ਕੌਰ ਅਤੇ ਮੈਡਮ ਅਨੰਤਬੀਰ ਕੌਰ ਨੇ ਵਿਸ਼ੇਸ਼ ਰੋਲ ਨਿਭਾਇਆ। ਇਸ ਮੌਕੇ ਪਿੰਡ ਵਾਸੀਆਂ ਅਤੇ ਪਤਵੰਤਿਆਂ ਅੱਗੇ ਸਕੂਲ ਪ੍ਰਿੰਸੀਪਲ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਬਹੁਤ ਤਬਦੀਲੀਆਂ ਆ ਚੁੱਕੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਉੱਚ ਪਾਏ ਦੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਐਜੂਸੈੱਟ, ਈ-ਕੰਟੈਂਟ ਅਤੇ ਪ੍ਰੋਜੈਕਟਰ ਦੁਆਰਾ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਜਿੱਥੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਮੀਡੀਅਮ ਦੀ ਪੜ੍ਹਾਈ ਦੀ ਸਹੂਲਤ ਵੀ ਹੈ ਉਥੇ ਸਕੂਲ ਵਿੱਚ ਇਕ ਸਮਾਰਟ ਲਾਇਬਰੇਰੀ ਵੀ ਹੈ ਜਿਸ ਵਿੱਚ ਅਖਬਾਰ, ਹਰ ਵਿਸ਼ੇ ਉੱਪਰ ਕਿਤਾਬਾਂ, ਮੈਗਜ਼ੀਨ ਆਦਿ ਬੱਚਿਆਂ ਲਈ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦਾ ਸਾਫ਼-ਸੁਥਰਾ ਵਾਤਾਵਰਨ, ਖੇਡਾਂ ਦਾ ਪ੍ਰਬੰਧ, ਹਵਾਦਾਰ ਕਮਰੇ, ਸਾਇੰਸ ਲੈਬ, ਕੰਪਿਊਟਰ ਲੈਬ, ਬਿਊਟੀ ਲੈਬ, ਮੈਥ ਲੈਬ ਵੀ ਹੈ। ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਸਹਿ ਵਿੱਦਿਅਕ ਕਿਰਿਆਵਾਂ ਗਿੱਧਾ, ਭੰਗੜਾ, ਨਾਟਕ, ਖੇਡਾਂ, ਵਿੱਦਿਅਕ ਟੂਰ, ਭਾਸ਼ਨ ਅਤੇ ਹੋਰ ਵਿੱਦਿਅਕ ਮੁਕਾਬਲੇ ਵੀ ਕਰਵਾਏ ਜਾਂਦੇ ਹਨ।
ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਜਿੱਥੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਦੇ ਨਾਲ-ਨਾਲ ਵਜ਼ੀਫੇ ਦੀ ਸਹੂਲਤ ਵੀ ਮਿਲ ਰਹੀ ਹੈ ਉਥੇ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਭੋਜਨ ਦੀ ਮੁਫ਼ਤ ਸਹੂਲਤ ਮਿੱਡ-ਡੇ-ਮੀਲ ਰਾਹੀਂ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਸਾਇੰਸ, ਆਰਟਸ, ਵੋਕੇਸ਼ਨਲ, ਐੱਨ. ਐੱਸ. ਕਿਊ. ਐੱਫ ਵਿਸ਼ੇ ਉਪਲੱਬਧ ਹਨ ਜਿਸ ਵਿੱਚ ਵਿਦਿਆਰਥੀ ਆਪਣੀ ਪਸੰਦ ਦਾ ਵੀ ਵਿਸ਼ਾ ਚੁਣ ਕੇ ਪੜ੍ਹਾਈ ਕਰ ਸਕਦੇ ਹਨ। ਇਸ ਨੁੱਕੜ ਨਾਟਕ ਵਿੱਚ ਸਭ ਸਹੂਲਤਾਂ ਬਾਰੇ ਬਾਖੂਬੀ ਦੱਸਿਆ ਗਿਆ। ਇਸ ਮੌਕੇ ਪਿੰਡ ਦੀ ਸਮੂੰਹ ਪੰਚਾਇਤ ਸਮੇਤ ਸਮਾਜ ਸੇਵੀ ਅਤੇ ਸਕੂਲ ਕਮੇਟੀ ਮੈਂਬਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਪਿੰਡ ਦੀ ਪੰਚਾਇਤ ਸਕੂਲ ਮੈਨੇਜਮੈਂਟ ਕਮੇਟੀ ਅਤੇ ਪਤਵੰਤਿਆਂ ਨੇ ਨੁੱਕੜ ਨਾਟਕ ਨੂੰ ਬਹੁਤ ਧਿਆਨ ਨਾਲ ਦੇਖਿਆ ਅਤੇ ਸਕੂਲ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਵੀ ਕਿਹਾ
Please Share This News By Pressing Whatsapp Button