
ਮਿਸ਼ਨ ਫ਼ਤਿਹ: ਮਲੇਰਕੋਟਲਾ ਵਾਸੀਆਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਉੱਤਰੇ ਮੈਦਾਨ ’ਚ
ਮਲੇਰਕੋਟਲਾ, 9 ਅਪ੍ਰੈਲ: ਕੋਵਿਡ-19 ਦੀ ਮਹਾਂਮਾਰੀ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾਵਾਇਰਸ ਦੇ ਖ਼ਤਰੇ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਦੀ ਅਗਵਾਈ ਵਿਚ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਮਲੇਰਕੋਟਲਾ ਸ਼ਹਿਰ ਦਾ ਦੌਰਾ ਕੀਤਾ ਗਿਆ ਅਤੇ ਸਰਹੰਦੀ ਗੇਟ ਮਸਜਿਦ ’ਚ ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਜਾਗਰੂਕ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਬੋਲਦਿਆਂ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਲਗਾਈ ਜਾ ਰਹੀ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ 45 ਸਾਲ ਤੋਂ ਉੱਪਰ ਦੇ ਸਾਰੇ ਵਿਅਕਤੀਆਂ ਨੂੰ ਇਹ ਮੁਫ਼ਤ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਫ਼ਰੰਟਲਾਇਨ ’ਤੇ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਨੂੰ ਵੀ ਇਹ ਡੋਜ਼ ਮੁਫ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਦੀ ਪਹਿਲੀ ਡੋਜ਼ ਲੱਗਣ ਤੋਂ ਨਿਰਧਾਰਿਤ ਸਮੇਂ ਬਾਅਦ ਇਸਦੀ ਦੂਜੀ ਡੋਜ਼ ਲਗਵਾਉਣੀ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਸਬੰਧਤ ਵਿਅਕਤੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਵੈਕਸੀਨ ਲਗਵਾਈ ਜਾਵੇ ਤਾਂ ਜੋ ਕੋਰੋਨਾਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਸਰਕਾਰੀ ਹਸਪਤਾਲਾਂ, ਸੀ.ਐੱਚ.ਸੀ., ਪੀ.ਐੱਚ.ਸੀ., ਹੈਲਥ ਐਂਡ ਵੈੱਲਨੈੱਸ ਕਲੀਨਿਕ ਆਦਿ ਵਿੱਚ ਕੋਵਿਡ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਵੱਡੀ ਗਿਣਤੀ ਲੋਕਾਂ ਵੱਲੋਂ ਵੈਕਸੀਨ ਲਗਵਾਈ ਜਾ ਰਹੀ ਹੈ ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸਦੇ ਕੋਈ ਗੰਭੀਰ ਮਾੜੇ ਅਸਰ ਸਾਹਮਣੇ ਨਹੀਂ ਆਏ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਵੈਕਸੀਨ ਦੇ ਨਾਲ-ਨਾਲ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਮਾਸਕ ਦੀ ਵਰਤੋਂ ਕੀਤੀ ਜਾਵੇ, ਹੱਥਾਂ ਨੂੰ ਸਾਬਣ ਪਾਣੀ ਜਾਂ ਸੈਨੇਟਾਇਜ਼ਰ ਨਾਲ ਸਮੇਂ-ਸਮੇਂ ’ਤੇ ਸਾਫ਼ ਕੀਤਾ ਜਾਵੇ ਅਤੇ ਉਚਿਤ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਵਿੱਚ ਸੈਂਪਿਗ ਦਾ ਵੱਡਾ ਯੋਗਦਾਨ ਹੈ, ਇਸ ਲਈ ਵੱਧ ਤੋਂ ਵੱਧ ਸੈਂਪਿਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਸਾਹਮਣੇ ਆਉਣ ਜਾਂ ਕਿਸੇ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ’ਤੇ ਤੁਰੰਤ ਸੈਂਪਿਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਤੇ ਹੋਰ ਫ਼ਰੰਟ ਲਾਈਨ ’ਤੇ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਮਲੇਰਕੋਟਲਾ ਟੀ. ਬੇਨਿਥ, ਮੁਫ਼ਤੀ ਇਰਤਿਕਾ ਉਲ ਹਸਨ, ਮੁਫ਼ਤੀ ਖਲੀਲ ਸਾਹਿਬ, ਮੁਫ਼ਤੀ ਨਜ਼ੀਰ ਸਾਹਿਬ, ਮੌਲਾਨਾ ਹਾਰੂਨ ਸਾਹਿਬ, ਕਾਰੀ ਮੁਨੱਵਰ ਆਲਮ ਸਾਹਿਬ, ਐਸ.ਐਮ.ਓ. ਡਾ. ਜਸਵਿੰਦਰ ਸਿੰਘ ਅਤੇ ਤਹਿਸੀਲਦਾਰ ਬਾਦਲਦੀਨ ਵੀ ਹਾਜ਼ਰ ਸਨ।
Please Share This News By Pressing Whatsapp Button