
ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਖ਼ੁਦ ਗਾਵਾਂ ਦੀ ਸੰਭਾਲ ਤੇ ਕਣਕ ਦੀ ਵਾਢੀ ਕਰ ਨੌਜਵਾਨਾਂ ਨੂੰ ਜੜ੍ਹਾਂ ਨਾਲ ਜੁੜੇ ਰਹਿਣ ਲਈ ਕਰ ਰਹੇ ਹਨ ਪ੍ਰੇਰਿਤ
ਸੰਗਰੂਰ, 12 ਅਪ੍ਰੈਲ:
ਆਈਏਐਸ ਅਧਿਕਾਰੀ ਵਜੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਤੋਂ ਇਲਾਵਾ
ਆਪਣੀ ਸਰਕਾਰੀ ਰਿਹਾਇਸ਼ ’ਤੇ ਉਪਲਬਧ ਜ਼ਮੀਨ ‘ਤੇ ਨਿਯਮਤ ਤੌਰ ’ਤੇ ਜੈਵਿਕ ਖੇਤੀਬਾੜੀ ਕਰ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਨੌਜਵਾਨਾਂ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਇਕ ਉੱਤਮ ਮਿਸਾਲ ਕਾਇਮ ਕੀਤੀ ਹੈ। ਜਿਵੇਂ ਕਿ ਹੁਣ ਕਣਕ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ, ਸ੍ਰੀ ਰਾਮਵੀਰ ਹੱਥਾਂ ਵਿਚ ਦਾਤੀ ਅਤੇ ਚਿਹਰੇ ਦੇ ਸੂਤੀ ਕੱਪੜਾ ਬੰਨ੍ਹ ਮਜ਼ਦੂਰਾਂ ਦੀ ਮਦਦ ਕਰਦੇ ਵੇਖੇ ਜਾ ਸਕਦੇ ਹਨ।
ਹਰਿਆਣੇ ਦੇ ਝੱਜਰ ਜ਼ਿਲ੍ਹੇ ਦੇ ਰਹਿਣ ਵਾਲੇ, ਨੌਜਵਾਨ, ਇਮਾਨਦਾਰ ਅਤੇ ਊਰਜਾਵਾਨ ਅਧਿਕਾਰੀ ਸ਼੍ਰੀ ਰਾਮਵੀਰ ਨੇ ਭਾਰਤ ਵਿਚ ਸਿੱਖਿਆ ਦੀ ਪ੍ਰਮੁੱਖ ਸੰਸਥਾ ਜੇ.ਐਨ.ਯੂ. ਦਿੱਲੀ ਤੋਂ ਰਾਜਨੀਤੀ ਸ਼ਾਸਤਰ ਵਿਚ ਐਮ.ਏ. ਅਤੇ ਗ੍ਰੈਜੂਏਸ਼ਨ ਆਨਰਜ਼ ਕੀਤੀ। ਉਨ੍ਹਾਂ ਸਕਿਊਰਟੀ ਰਿਲੇਸ਼ਨਜ਼ ਵਿਚ ਐਮ.ਫਿਲ ਵੀ ਕੀਤੀ ਹੋਈ ਹੈ। ਸ਼੍ਰੀ ਰਾਮਵੀਰ 2009 ਬੈਚ ਦੇ ਆਈਏਐਸ ਅਧਿਕਾਰੀ ਹਨ ਜਿਨ੍ਹਾਂ ਦੀ 31 ਅਗਸਤ 2009 ਨੂੰ ਨਿਯੁਕਤੀ ਹੋਈ ਅਤੇ ਉਨ੍ਹਾਂ ਆਈਏਐਸ ਅਧਿਕਾਰੀ ਬਣਨ ਤੋਂ ਪਹਿਲਾਂ ਆਈਆਰਐਸ ਅਧਿਕਾਰੀ ਵਜੋਂ ਵੀ ਕੰਮ ਕੀਤਾ ਹੈ।
ਖੇਤੀਬਾੜੀ ਤੋਂ ਇਲਾਵਾ, ਡਿਪਟੀ ਕਮਿਸ਼ਨਰ ਸਵੇਰੇ ਜਲਦੀ ਉੱਠ ਕੇ ਰੋਜ਼ਾਨਾ ਗਾਵਾਂ ਚੌਂਦੇ ਹਨ। ਸ੍ਰੀ ਰਾਮਵੀਰ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦਾ ਦਫਤਰੀ ਕੰਮਕਾਜ ਬਹੁਤ ਰੁਝੇਵਿਆਂ ਭਰਿਆ ਹੁੰਦਾ ਹੈ ਪਰ ਫਿਰ ਵੀ ਉਹ ਰੋਜ਼ਾਨਾ ਗਾਵਾਂ ਨੂੰ ਚੋਣ ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਕੰਮਾਂ ਲਈ ਸਮਾਂ ਕੱਢ ਲੈਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਪਣੀਆਂ ਜੜ੍ਹਾਂ ਨਾਲ ਜੁੜ ਕੇ , ਖੇਤੀਬਾੜੀ ਨਾਲ ਸਬੰਧਤ ਕੰਮ ਕਰਨ ਅਤੇ ਆਪਣੀਆਂ ਗਾਵਾਂ ਦੀ ਸੇਵਾ ਕਰਨ ਨਾਲ ਸ਼ਾਂਤੀ ਮਹਿਸੂਸ ਕਰਦੇ ਹਨ।
ਸ਼੍ਰੀ ਰਾਮਵੀਰ ਨੇ ਕਿਹਾ, “ਇੱਕ ਕਿਸਾਨ ਦਾ ਪੁੱਤਰ ਹੋਣ ਕਰਕੇ, ਮੈਂ ਖੇਤੀਬਾੜੀ ਦਾ ਪੂਰੇ ਦਿਲ ਨਾਲ ਸਤਿਕਾਰ ਕਰਦਾ ਹਾਂ ਅਤੇ ਜੈਵਿਕ ਫਸਲਾਂ ਉਗਾਉਣਾ ਅਤੇ ਉਨ੍ਹਾਂ ਨੂੰ ਵਧਦੇ ਵੇਖਣਾ ਅਤੇ ਉਨ੍ਹਾਂ ਦੀ ਵਢਾਈ ਕਰਨਾ ਮੇਰੇ ਲਈ ਬਹੁਤ ਸੁਖਦ ਤਜਰਬਾ ਹੈ।“
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਬਜਾਏ, ਬਿਨਾਂ ਕਿਸੇ ਝਿਜਕ ਦੇ ਆਪਣੇ ਪਰਿਵਾਰਾਂ ਦੇ ਰੋਜ਼ਾਨਾ ਘਰੇਲੂ ਕੰਮਾਂ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਮਜ਼ਬੂਤ ਸਭਿਆਚਾਰਕ ਜੜ੍ਹਾਂ ਹਨ ਅਤੇ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀਬਾੜੀ ਸੂਬਾ ਹੈ ਅਤੇ ਖੇਤੀਬਾੜੀ ਅਤੇ ਇਸ ਨਾਲ ਜੁੜੇ ਧੰਦਿਆ ਵਿਚ ਬਹੁਤ ਕੁਝ ਲੱਭਿਆ ਜਾ ਸਕਦਾ ਹੈ ਜੋ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਵੀ ਸਹਾਇਤਾ ਕਰੇਗਾ।
Please Share This News By Pressing Whatsapp Button