ਕਿਸਾਨਾਂ ਨੇ ਪਟਿਆਲਾ ਰਾਜਪੁਰਾ ਹਾਈਵੇ ਕੀਤਾ ਜਾਮ

20 ਅਪਰੈਲ, ਬਹਾਦਰਗੜ੍ਹ (ਹਰਜੀਤ ਸਿੰਘ) : ਸਮਾਂ ਕਿਸਾਨੀ ’ਤੇ ਕਾਫੀ ਭਾਰੂ ਜਾਪਦਾ ਹੈ। ਇੱਕ ਪਾਸੇ ਕਿਸਾਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ ਕਈ ਮਹੀਨਿਆਂ ’ਤੋਂ ਬੈਠੇ ਹਨ ਪਰ ਕੇਂਦਰ ਸਰਕਾਰ ਅੜਵਾਈ ਕਰੀ ਬੈਠੀ ਹੈ ਤਾਂ ਦੂਜੇ ਪਾਸੇ ਹੁਣ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ’ਚ ਰੁਲਣਾ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਦੌਣਕਲਾਂ ਅਨਾਜ ਮੰਡੀ ’ਚ ਬਾਰਦਾਨਾ ਨਾ ਆਉਣ ਕਾਰਨ ਕਿਸਾਨ ਪਿਛਲੇ ਕਈ ਦਿਨਾਂ ਤੋਂ ਖਜਲ ਖੁਆਰ ਹੋ ਰਹੇ ਹਨ। ਕਿਸਾਨਾਂ ਦਾ ਗੁੱਸਾ ਅੱਜ ਭੜਕ ਗਿਆ ਅਤੇ ਉਨਾਂ ਨੇ ਦੌਣਕਲਾਂ ਮੋੜ ’ਤੇ ਆ ਕੇ ਪਟਿਆਲਾ ਰਾਜਪੁਰਾ ਹਾਈਵੇ ਜਾਮ ਕਰ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਰਾਂਤੀਕਾਰੀ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪਿਛਲੇ ਕਈ ਦਿਨਾਂ ਤੋਂ ਕਣਕ ਲੈ ਕੇ ਮੰਡੀ ’ਚ ਬੈਠੇ ਹਨ। ਅਧਿਕਾਰੀ ਹਰ ਰੋਜ ਬਾਰਦਾਨਾ ਆਉਣ ਦੇ ਲਾਰੇ ਲਗਾ ਰਹੇ ਹਨ। ਅਧਿਕਾਰੀਆਂ ਦੇ ਰਵਈਏ ਤੋਂ ਤੰਗ ਆ ਕੇ ਅੱਜ ਕਿਸਾਨਾਂ ਨੇ ਲੱਗਭਗ ਤਿੰਨ ਘੰਟੇ ਹਾਈਵੇ ਜਾਮ ਰੱਖਿਆ। ਜਦੋਂ ਡੀਐਮ ਨੇ ਆ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕੱਲ ਨੂੰ ਬਾਰਦਾਨਾ ਆ ਜਾਵੇਗਾ ਤਾਂ ਕਿਸਾਨਾਂ ਨੇ ਜਾਮ ਖੋਲਿਆ।
ਰਾਹਗੀਰ ਹੋਏ ਪ੍ਰੇਸ਼ਾਨ : ਕਿਸਾਨਾਂ ਵਲੋਂ ਅਚਾਨਕ ਹਾਈਵੇ ਜਾਮ ਕਰਨ ਕਾਰਨ ਪੁਲਿਸ ਨੂੰ ਭਾਜੜਾਂ ਪੈ ਗਈਆਂ ਅਤੇ ਹਰ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਰਸਤੇ ’ਚ ਫਸੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਾਹਨ ਚਾਲਕਾਂ ਨੂੰ ਪਿੰਡਾਂ ’ਚੋਂ ਬਦਲਵੇਂ ਰਸਤਿਆਂ ਰਾਹੀਂ ਬਹੁਤ ਖਜਲ ਖੁਆਰ ਹੋਣਾ ਪਿਆ।
Please Share This News By Pressing Whatsapp Button